ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਅਪੀਲ ਕੀਤੀ ਹੈ ਕਿ ਉਹ 125 ਬੈੱਡਾਂ ਦੇ ਹਸਪਤਾਲ ਵਿਰੁੱਧ ਅਦਾਲਤ ਵਿਚ ਪਾਈ ਆਪਣੀ ਅਪੀਲ ਵਾਪਸ ਲੈਣ ਕਿਉਂਕਿ ਇਹ ਹਸਪਤਾਲ ਸੰਗਤਾਂ ਦੀ ਸਹੂਲਤ ਲਈ ਤੇ ਕਰੋਨਾ ਤੋਂ ਬਚਾਅ ਵਾਸਤੇ ਬਣਾਇਆ ਗਿਆ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸ੍ਰੀ ਸਰਨਾ ਨੇ ਇਸ ਹਸਪਤਾਲ ਦੀ ਸ਼ੁਰੂਆਤ ਰੋਕਣ ਲਈ ਅਦਾਲਤ ਵਿਚ ਅਪੀਲ ਪਾਈ ਹੈ ਤਾਂ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ।
ਉਨ੍ਹਾਂ ਕਿਹਾ ਕਿ ਸੰਗਤਾਂ ਇਸ ਹਸਪਤਾਲ ਨੂੰ ਸ਼ੁਰੂ ਕਰਨ ਲਈ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਇਥੇ ਕਰ ਰਹੀਆਂ ਹਨ ਤੇ ਇਨ੍ਹਾਂ ਦੀ ਲੜੀ ਦੀ ਸਮਾਪਤੀ ’ਤੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੇ ਇਹ ਹਸਪਤਾਲ ਸੰਗਤ ਨੂੰ ਸਮਰਪਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਇਹ ਹਸਪਤਾਲ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਦੀਆਂ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਲੋਕਾਂ ਲਈ ਬਣ ਰਹੀ ਸਹੂਲਤ ਨੂੰ ਰੋਕਣ ਲਈ ਸ੍ਰੀ ਸਰਨਾ ਅਦਾਲਤ ਵਿਚ ਪਹੁੰਚ ਗਏ ਹਨ।
ਉਨ੍ਹਾਂ ਸ੍ਰੀ ਸਰਨਾ ਨੂੰ ਅਪੀਲ ਕੀਤੀ ਕਿ ਜੋ ਹਸਪਤਾਲ ਉਹ 12 ਸਾਲਾਂ ਵਿਚ ਸ਼ੁਰੂ ਨਹੀਂ ਕਰ ਸਕੇ ਜੋ ਹੁਣ ਬੇਸ਼ਕੀਮਤੀ ਜਾਨਾਂ ਬਚਾਉਣ ਦਾ ਜ਼ਰੀਆ ਬਣਨ ਵਾਲਾ ਹੈ, ਉਸ ਨੂੰ ਸ਼ੁਰੂ ਹੋਣ ਦਿੱਤਾ ਜਾਵੇ। ਇਸ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਸਰਨਾ ਨੂੰ ਕਿਹਾ ਕਿ ਇਹ ਹਸਪਤਾਲ ਸਿਰਫ ਕਰੋਨਾ ਤੋਂ ਬਚਾਅ ਲਈ ਬਣਿਆ ਹੈ ਤੇ ਇਸ ਮਾਮਲੇ ਵਿਚ ਵੈਰ ਭਾਵਨਾ ਨਾ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਚੋਣਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਸੰਗਤਾਂ ਨੇ ਜਿਸ ਨੂੰ ਵੀ ਵੋਟਾਂ ਪਾਉਣੀਆਂ ਹਨ, ਉਹ ਪੈ ਜਾਣਗੀਆਂ ਪਰ ਕਰੋਨਾ ਤੋਂ ਬਚਾਅ ਲਈ ਬਣਾਏ ਗਏ ਹਸਪਤਾਲ ਦੀ ਸ਼ੁਰੂਆਤ ਦੇ ਰਾਹ ਵਿਚ ਸ੍ਰੀ ਸਰਨਾ ਨੂੰ ਅੜਿੱਕਾ ਨਹੀਂ ਬਣਨਾ ਚਾਹੀਦਾ।