ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਸਨਮਾਨ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਕਿਹਾ ਕਿ ਮੌਜੂਦਾ ਟੀਮ ਦੀ ਕਾਰਗੁਜ਼ਾਰੀ ਨਾਲ ਦਿੱਲੀ ਗੁਰਦੁਆਰਾ ਕਮੇਟੀ ਦਾ ਨਾਂ ਕੌਮਾਂਤਰੀ ਪੱਧਰ ’ਤੇ ਉੱਚਾ ਹੋਇਆ ਹੈ। ਇਸ ਮੌਕੇ ਸ੍ਰੀ ਸਿਰਸਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਵੀ ਸਮੂਹ ਮੁਲਾਜ਼ਮ ਮੌਜੂਦਾ ਟੀਮ ਦਾ ਸਾਥ ਦੇਣਗੇ ਜਿਸ ’ਤੇ ਸਮੂਹ ਮੁਲਾਜ਼ਮਾਂ ਨੇ ਜੈਕਾਰੇ ਛੱਡ ਕੇ ਮੌਜੂਦਾ ਟੀਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਸਿਰਸਾ ਨੇ ਕਈ ਐਲਾਨ ਵੀ ਕੀਤੇ ਕਿ ਕਮੇਟੀ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਵਿਚ ਦੋ ਵਾਧੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅਖੰਡ ਪਾਠ ਕਰਨ ਵਾਲੇ ਪਾਠੀ ਸਿੰਘਾਂ ਲਈ ਭੇਟਾ ਵਿਚ ਹਰੇਕ ਵਾਸਤੇ 100 ਰੁਪਏ ਪ੍ਰਤੀ ਪਾਠ ਦਾ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਗੀ ਸਿੰਘਾਂ ਲਈ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਟੂਡੀਓ ਤਿਆਰ ਕੀਤਾ ਜਾਵੇਗਾ ਤੇ ਰਾਗੀ ਸਿੰਘ ਆਪਣੀਆਂ ਰਿਕਾਰਡਿੰਗਾਂ ਇਥੇ ਮੁਫਤ ਕਰ ਸਕਣਗੇ। ਉਨ੍ਹਾਂ ਸਮੂਹ ਮੁਲਾਜ਼ਮਾਂ ਦਾ ਕਮੇਟੀ ਦੇ ਖਰਚੇ ’ਤੇ ਸੜਕ ਹਾਦਸਾ ਬੀਮਾ ਮੁੜ ਕਰਵਾਉਣ ਦਾ ਐਲਾਨ ਕੀਤਾ। ਉਨ੍ਹਾਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਲਈ 900 ਰੁਪਏ ਪ੍ਰਤੀ ਮਹੀਨਾ ਵਾਧੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਮੁਲਾਜ਼ਮਾਂ ਦੇ ਬੱਚਿਆਂ ਦੇ ਪੜ੍ਹਨ ਦਾ ਵੀ ਪ੍ਰਬੰਧ ਇਸ ਤਰੀਕੇ ਕੀਤਾ ਜਾਵੇਗਾ ਕਿ 12 ਸਾਲ ਤੱਕ ਬੱਚੇ ਪੜ੍ਹ ਜਾਣ ’ਤੇ ਮੁਲਾਜ਼ਮਾਂ ਨੂੰ ਫੀਸ ਦੇ ਮਾਮਲੇ ਵਿਚ ਔਖ ਵੀ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ 2013 ਤੋਂ ਹੁਣ ਤੱਕ ਮੁਲਾਜ਼ਮਾਂ ਦੀ ਤਨਖਾਹ ਵਿਚ ਦੁੱਗਣਾ ਵਾਧਾ ਹੋਇਆ ਹੈ।