ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਮਈ
ਗਾਜ਼ੀਪੁਰ ਬਾਰਡਰ ’ਤੇ ਅੱਜ ਸਰਹਿੰਦ ਫਤਹਿ ਦਿਵਸ ਮਨਾਉਂਦੇ ਹੋਏ ਮਹਾਨ ਯੋਧੇ ਬੰਦਾ ਸਿੰਘ ਬਹਾਦਰ ਦੀ ਤਸਵੀਰ ਨੂੰ ਸਟੇਜ ’ਤੇ ਮੱਥਾ ਟੇਕ ਕੇ ਯਾਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਚਰਿੱਤਰ ਉੱਤੇ ਚਾਨਣਾ ਪਾਉਂਦਿਆਂ ਬੁਲਾਰਿਆਂ ਨੇ ਕਿਹਾ ਕਿ ਬੰਦਾ ਸਿੰਘ ਪਹਿਲਾ ਮਹਾਨ ਯੋਧਾ ਸੀ, ਜਿਸ ਨੇ ਕਿਸਾਨੀ ਨੂੰ ਜ਼ਮੀਨੀ ਹੱਕ ਦਿੱਤੇ ਸਨ। 18ਵੀਂ ਸਦੀ ਵਿੱਚ ਜ਼ਮੀਨ ਰਾਜਿਆਂ ਤੇ ਜ਼ਿੰਮੀਦਾਰਾਂ ਦੇ ਕਬਜ਼ੇ ਵਿੱਚ ਸੀ। ਗੁਰੂ ਗੋਬਿੰਦ ਸਿੰਘ ਦਾ ਚੇਲਾ ਮਹਾਨ ਯੋਧਾ ਬੰਦਾ ਸਿੰਘ ਬਹਾਦਰ ਨੇ ਜ਼ਿੰਮੀਦਾਰਾਂ ਤੋਂ ਜ਼ਮੀਨ ਛੁਡਾ ਕੇ ਕਿਸਾਨਾਂ ਨੂੰ ਮਾਲਕੀਅਤ ਦਿੱਤੀ ਸੀ। 12 ਮਈ ਨੂੰ ਸਰਹਿੰਦ ਦੇ ਨਵਾਬ ਨੂੰ ਹਰਾਉਣ ਤੋਂ ਬਾਅਦ ਉਸ ਨੇ ਸਰਹਿੰਦ ਨੂੰ ਜਿੱਤਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਹੁਣ ਅੰਦੋਲਨ ਵਾਲੀ ਥਾਂ ’ਤੇ ਸਾਰੇ ਕੈਂਪਾਂ ਵਿਚ ਰਹਿੰਦੇ ਸਾਰੇ ਮਜ਼ਦੂਰਾਂ ਲਈ ਰੋਜ਼ਾਨਾ ਸਿਹਤ ਟੈਸਟ ਕੀਤੇ ਜਾਣਗੇ ਅਤੇ ਸਹਾਇਤਾ ਦੇ ਪ੍ਰਬੰਧ ਕੀਤੇ ਜਾਣਗੇ। ਸਟੇਜ ਦਾ ਸੰਚਾਲਨ ਓਮਪਾਲ ਮਲਿਕ ਨੇ ਕੀਤਾ ਤੇ ਪ੍ਰਧਾਨਗੀ ਜਰਨੈਲ ਸਿੰਘ ਨੇ ਕੀਤੀ। ਇਸ ਮੌਕੇ ਕੁਸ਼ਵਾਹਾ, ਬਿੰਦੂ ਅਮੀਨੀ, ਅਮਨਜੀਤ ਸਿੰਘ, ਅਨਿਲ ਸਿੰਘ, ਦਿਲੇਰ ਰੰਧਾਵਾ ਆਦਿ ਹਾਜ਼ਰ ਸਨ।
ਔਰਤਾਂ ਨੂੰ ਬਰਾਬਰ ਦਾ ਮਾਣ-ਸਨਮਾਨ ਮਿਲਿਆ: ਕਿਸਾਨ ਬੀਬੀਆਂ
ਨਵੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਟਿਕਰੀ ਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਔਰਤ ਮਹਿਲਾ ਕਮਿਸ਼ਨ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ’ਤੇ ਮੋਰਚੇ ਵਿੱਚ ਔਰਤਾਂ ਦੀ ਸੁਰੱਖਿਆ ਸਬੰਧੀ ਉਠਾਏ ਸਵਾਲ ’ਤੇ ਕਿਹਾ ਕਿ ਭਾਵੇਂ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਨੂੰ ਦਾਬੇ ਹੇਠ ਰੱਖਿਆ ਜਾਂਦਾ ਹੈ ਤੇ ਔਰਤਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਪਰ ਸਾਡੀ ਜਥੇਬੰਦੀ ਦੇ ਆਗੂ ਇਨ੍ਹਾਂ ਨੂੰ ਦੂਰ ਕਰਨ ਲਈ ਸਦਾ ਹੀ ਯਤਨਸ਼ੀਲ ਰਹਿੰਦੇ ਹਨ। ਔਰਤ ਬੁਲਾਰਿਆਂ ਨੇ ਕਿਹਾ ਕਿ ਸਾਨੂੰ ਇਸ ਜਥੇਬੰਦੀ ਦੀ ਅਗਵਾਈ ਵਿੱਚ ਕੰਮ ਕਰਕੇ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਬਰਾਬਰ ਦਾ ਮਾਣ ਸਨਮਾਨ ਮਿਲ ਰਿਹਾ ਹੈ। ਮੋਰਚੇ ਨੂੰ 6 ਮਹੀਨੇ ਹੋਣ ਵਾਲੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਲਗਾਤਾਰ ਸ਼ਾਮਲ ਹੋ ਰਹੀਆ ਹਨ। ਉਨ੍ਹਾਂ ਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।