ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਇੱਥੋਂ ਦੀਆਂ ਅਹਿਮ ਸਿੰਘ ਸਭਾਵਾਂ ਵਿੱਚੋਂ ਇੱਕ ਰਾਜੌਰੀ ਗਾਰਡਨ ਸਿੰਘ ਸਭਾ ਦੀ ਚਾਰ ਸਤੰਬਰ ਨੂੰ ਹੋਣ ਵਾਲੀ ਚੋਣ ਲਈ ਆਗੂਆਂ ਨੇ ਆਖ਼ਰੀ ਦੌਰ ਵਿੱਚ ਪੂਰਾ ਜ਼ੋਰ ਲਾ ਦਿੱਤਾ ਹੈ। ਹੁਣ ਵੱਡੀਆਂ ਮੀਟਿੰਗਾਂ ਕਰ ਕੇ ਆਪਣੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰੇ ਦੇ ਮੌਜੂਦਾ ਕਮੇਟੀ ਪ੍ਰਬੰਧਕ ਹਰਮਨਜੀਤ ਸਿੰਘ ਤੇ ਟੀਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਹੈ। ਵਿਰੋਧੀ ਧਿਰ ਸਰਨਾ ਧੜੇ ਨੇ ਇੰਦਰਜੀਤ ਸਿੰਘ ਦਾ ਸਾਥ ਦਿੱਤਾ ਹੈ। ਰਾਜੌਰੀ ਗਾਰਡਨ ਦੇ ਜੇ-11 ਬਲਾਕ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਇੱਥੇ ਹਸਪਤਾਲ ਖੋਲ੍ਹਿਆ ਜਾਵੇਗਾ ਤੇ ਕੈਂਸਰ ਸਣੇ ਹੋਰ ਬਿਮਾਰੀਆਂ ਦਾ ਸਸਤਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਰੋਹਿਣੀ ਵਿੱਚ ਹਸਪਤਾਲ ਲਈ ਥਾਂ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਰਾਜੌਰੀ ਗਾਰਡਨ ਦੇ ਆਲੇ-ਦੁਆਲੇ ਸਰਕਾਰ ਤੋਂ ਥਾਂ ਲੈ ਕੇ ਹਸਪਤਾਲ ਉਸਾਰਨ ਨਾਲ ਇਲਾਕੇ ਦੇ ਲੋਕਾਂ ਨੂੰ ਫ਼ਾਇਦਾ ਮਿਲੇਗਾ। ਪੇਸ਼ ਮਤਿਆਂ ਨੂੰ ਇਕੱਠ ਵੱਲੋਂ ਪ੍ਰਵਾਨਗੀ ਦਿੱਤੀ ਗਈ।
ਸਰਨਾ ਧੜੇ ਵੱਲੋਂ ਵੀ ਵਾਅਦੇ ਕੀਤੇ ਜਾ ਰਹੇ ਹਨ। ਇੱਥੇ ਕਰੀਬ ਸੱਤ ਹਜ਼ਾਰ ਸਿੱਖ ਵੋਟਾਂ ਹਨ।