ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਗਸਤ ਵਿੱਚ ਸਿੰਗਾਪੁਰ ਵਿੱਚ ਹੋਣ ਵਾਲੇ ਵਿਸ਼ਵ ਸ਼ਹਿਰ ਸੰਮੇਲਨ-2022 ਵਿੱਚ ਦਿੱਲੀ ਦਾ ਮਾਡਲ ਦੁਨੀਆ ਦੇ ਸਾਹਮਣੇ ਪੇਸ਼ ਕਰਨਗੇ। ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੈਂਗ ਨੇ ਅੱਜ ਦਿੱਲੀ ਸਕੱਤਰੇਤ ਵਿਖੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਿੰਗਾਪੁਰ ਵਿੱਚ ਹੋਣ ਵਾਲੇ ਵਿਸ਼ਵ ਸ਼ਹਿਰ ਸੰਮੇਲਨ-2022 ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਸੱਦੇ ਨੂੰ ਸਵੀਕਾਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਵਿਸ਼ਵ ਸ਼ਹਿਰ ਸੰਮੇਲਨ-2022 ਵਿੱਚ ਹਿੱਸਾ ਲੈਣ ਅਤੇ ਵਿਸ਼ਵ ਨੇਤਾਵਾਂ ਨਾਲ ਸ਼ਹਿਰੀ ਸਮੱਸਿਆਵਾਂ ਦੇ ਹੱਲਾਂ ਬਾਰੇ ਚਰਚਾ ਕਰਨ ਲਈ ਉਤਸੁਕ ਹਨ। ਮੀਟਿੰਗ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਅਤੇ ਹਾਈ ਕਮਿਸ਼ਨਰ ਸਾਈਮਨ ਵੈਂਗ ਨੇ ਪਾਣੀ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਜਨਤਕ ਰਿਹਾਇਸ਼ ਵਰਗੇ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ।
ਇਸ ’ਤੇ ਹਾਈ ਕਮਿਸ਼ਨਰ ਸਾਈਮਨ ਵੈਂਗ ਨੇ ਕਿਹਾ ਕਿ ਦਿੱਲੀ ਅਤੇ ਸਿੰਗਾਪੁਰ ਦੋਵੇਂ ਵੱਖ-ਵੱਖ ਸ਼ਹਿਰੀ ਕੇਂਦਰ ਹਨ, ਜੋ ਸਮਾਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਸਾਈਮਨ ਵੈਂਗ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਧਾਨ ਸਭਾ ਹਲਕੇ ਵਿੱਚ ਵੀ ਰਹਿੰਦੇ ਹਨ ਅਤੇ ਇੱਕ ਵਸਨੀਕ ਹੋਣ ਦੇ ਨਾਤੇ ਉਹ ਵੀ ਕੇਜਰੀਵਾਲ ਨੂੰ ਗਵਰਨੈਂਸ ਖੇਤਰ ਵਿੱਚ ਆਪਣਾ ਸੀਨੀਅਰ ਮੰਨਦੇ ਹਨ।