ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚਾਹੇ ਅਦਾਲਤੀ ਗੇੜਾਂ ਵਿੱਚ ਉਲਝਿਆ ਹੋਇਆ ਹੈ ਪਰ ਦਿੱਲੀ ਦੇ ਸਿੱਖ ਆਗੂਆਂ ਨੇ ਦਲ ਬਦਲੀਆਂ ਦਾ ਦੌਰ ਮਘਾ ਰੱਖਿਆ ਹੈ। ਆਏ ਦਿਨ ਕਿਸੇ ਨਾ ਕਿਸੇ ਧੜੇ ਵਿੱਚ ਸਾਬਕਾ ਮੈਂਬਰ ਜਾਂ ਮੌਜੂਦਾ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ। ਪੰਥਕ ਸੇਵਾ ਦਲ ਵੱਲੋਂ ਨੁਕਰੇ ਲਾਏ ਗਏ ਸਾਬਕਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ ਬਾਦਲ ਧੜੇ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ ਇਨਾਮ ਵਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਕੋ-ਚੇਅਰਮੈਨ ਲਾਇਆ ਗਿਆ ਹੈ। ਹੋਰ ਸਿੱਖ ਆਗੂ ਦਲਬੀਰ ਸਿੰਘ ਬੀਰਾ ਨੂੰ ਕਨਵੀਨਰ ਲਾਇਆ ਗਿਆ ਹੈ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਕੋਠੀ ਵਿੱਚ ਬਾਦਲ ਧੜੇ ਦੀ ਨਿੰਦਾ ਕਰਨ ਵਾਲੇ ਹਰਿੰਦਰਪਾਲ ਸਿੰਘ ਤੇ ਜਤਿੰਦਰ ਸਿੰਘ ਸਾਹਨੀ ਸਰਨਾ ਭਰਾਵਾਂ ਦੇ ਗੁੱਟ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਿੱਚ ਸ਼ਾਮਲ ਹੋ ਗਏ ਸਨ। ਹਰਿੰਦਰਪਾਲ ਸਿੰਘ 2017 ਦੀਆਂ ਚੋਣਾਂ ਪਹਿਲੀ ਵਾਰ ਬਾਦਲ ਧੜੇ ਦੀ ਟਿਕਟ ਤੋਂ ਜਿੱਤੇ ਸਨ। ਇਸ ਤੋਂ ਪਹਿਲਾਂ ਆਜ਼ਾਦ ਮੈਂਬਰ ਬਾਦਲ ਧੜੇ ਵਿੱਚ ਗਏ ਤੇ ਫਿਰ ਸਰਨਾ ਭਰਾਵਾਂ ਨਾਲ ਜਾ ਰਲ਼ੇ ਸਨ। ਪਰਮਜੀਤ ਸਿੰਘ ਰਾਣਾ ਵੀ ਬਾਦਲ ਧੜੇ ਨੂੰ ਛੱਡ ਕੇ ਮਨਜੀਤ ਸਿੰਘ ਜੀਕੇ ਦੇ ਧੜੇ ਵਿੱਚ ਸ਼ਾਮਲ ਹੋ ਗਏ ਹਨ। ਸਾਰੀਆਂ ਹੀ ਮੁੱਖ ਧਿਰਾਂ ਦਲ ਬਦਲੀ ਕਰਨ ਵਾਲਿਆਂ ਨੂੰ ਅਹੁਦੇ ਦੇ ਕੇ ਸਨਮਾਨ ਰਹੀਆਂ ਹਨ।