ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਜੁਲਾਈ
ਸਿਆਸੀ ਤਬਦੀਲੀ ਮਗਰੋਂ ਸਿੱਖਾਂ ਦੀਆਂ ਦੋ ਵੱਡੀਆਂ ਧਾਰਮਿਕ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਖੇਤਰ ’ਚ ਕਾਰਜਸ਼ੀਲ ਹੋਣ ਕਰਕੇ ਇੱਕ-ਦੂਜੇ ਦੇ ਸਾਹਮਣੇ ਆ ਗਈਆਂ ਹਨ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਖੇਤਰ ’ਚ ਧਰਮ ਪ੍ਰਚਾਰ ਲਈ 5 ਕਰੋੜ ਦਾ ਬਜਟ ਰੱਖਣ ਦਾ ਐਲਾਨ ਕੀਤਾ ਗਿਆ ਹੈ, ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਹੁਣ ਪੰਜਾਬ ’ਚ ਧਰਮ ਪ੍ਰਚਾਰ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਗਿਆ ਹੈ। ਬੀਤੇ ਦਿਨ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪੰਜਾਬ ਵਿੱਚ ਕਾਰਜਸ਼ੀਲ ਹੋਣ ਬਾਰੇ ਪਿਹੋਵਾ ਵਿੱਚ ਇਰਾਦਾ ਜ਼ਾਹਿਰ ਕੀਤਾ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਨਿਸ਼ਾਨੇ ’ਤੇ ਲਿਆ ਸੀ।
ਪਹਿਲਾਂ ਆਮ ਕਰਕੇ ਸ਼੍ਰੋਮਣੀ ਕਮੇਟੀ ਸਮੁੱਚੇ ਪੰਜਾਬ, ਹਿਮਾਚਲ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਸਿੱਖਾਂ ਨਾਲ ਸੰਪਰਕ ਰੱਖਦੀ ਆਈ ਸੀ ਤੇ ਦਿੱਲੀ ਕਮੇਟੀ ਕੌਮੀ ਰਾਜਧਾਨੀ ਦੇ ਨਾਲ-ਨਾਲ ਮੱਧ ਭਾਰਤ ਤੇ ਪੂਰਬੀ ਰਾਜਾਂ ਦੇ ਸਿੱਖਾਂ ਦੇ ਮਸਲਿਆਂ ’ਚ ਦਿਲਚਸਪੀ ਲੈਂਦੀ ਸੀ ਤੇ ਦੋਵਾਂ ਦਰਮਿਆਨ ਤਾਲਮੇਲ ਵੀ ਸੀ। ਹੁਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਦੇ ਜਿੱਤੇ ਹੋਏ ਮੈਂਬਰਾਂ ਵਿੱਚੋਂ 3 ਮੈਂਬਰਾਂ ਨੂੰ ਛੱਡ ਕੇ ਬਾਕੀਆਂ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਬਣਾ ਲਿਆ ਹੈ, ਜਿਸ ਕਰਕੇ ਸ਼੍ਰੋਮਣੀ ਕਮੇਟੀ ਨੇ ਦਿੱਲੀ ਸਿੱਖ ਮਿਸ਼ਨ ਨੂੰ ਬੀਤੇ 4 ਮਹੀਨਿਆਂ ਤੋਂ ਸਰਗਰਮ ਕੀਤਾ। ਬੀਤੇ 6 ਸਾਲਾਂ ਦੌਰਾਨ ਦਿੱਲੀ ਸਿੱਖ ਮਿਸ਼ਨ ਦਾ ਅਮਲਾ ਬਹੁਤਾ ਕਰਕੇ ਸਰਗਰਮ ਨਹੀਂ ਸੀ। ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਦਿੱਲੀ ’ਚ ਸਿੱਖ ਮਿਸ਼ਨ ਰਾਹੀਂ ਬਾਦਲ ਧੜੇ ਦੀ ਮੁੜ ਸੁਰਜੀਤ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।