ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਅਗਸਤ
ਆਲ ਇੰਡੀਆ ਰਾਮਗੜ੍ਹੀਆ ਫੈੱਡਰੇਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਰਿਆਤ ਦੇ ਨਿਵਾਸ ’ਤੇ ਸਥਾਨਕ ਗੁਰਦੁਆਰੇ ਦੀ ਚੋਣ ਲਈ ਮੀਟਿੰਗ ਹੋਈ। ਇਸ ਵਿਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪਹੁੰਚੇ। ਸੁਖਦੇਵ ਸਿੰਘ ਰਿਆਤ ਆਪ ਵੀ ਮੀਤ ਪ੍ਰਧਾਨ ਲਈ ਚੋਣ ਮੈਦਾਨ ਵਿੱਚ ਹਨ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਗੁਰਦੁਆਰੇ ਵਿੱਚ ਅਨੇਕਾਂ ਸੇਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਵਿੱਦਿਆ ਦੇ ਲੰਗਰ ਤੋਂ ਲੈ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਤੱਕ ਦਾ ਕੰਮ ਕੀਤਾ ਜਾ ਰਿਹਾ ਹੈ। ਮੌਜੂਦਾ ਕਮੇਟੀ ਵੱਲੋਂ 62 ਦੇ ਕਰੀਬ ਡਾਕਟਰ ਨਿਯੁਕਤ ਕੀਤੇ ਗਏ ਹਨ ਅਤੇ 20 ਦੇ ਕਰੀਬ ਮਹਿਲਾਵਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਕਈ ਪ੍ਰਾਜੈਕਟ ਲਿਆਂਦੇ ਜਾਣਗੇ।
ਇਸ ਮੌਕੇ ਹਰਜੀਤ ਸਿੰਘ ਬੇਦੀ, ਸਤਨਾਮ ਸਿੰਘ ਬਜਾਜ, ਹਰਪ੍ਰੀਤ ਸਿੰਘ ਬੰਨੀ ਜੌਲੀ ਅਤੇ ਪਿਸ਼ੌਰੀ ਬਰਾਦਰੀ ਦੇ ਮੁਖੀ ਸ਼ਾਮਲ ਸਨ। ਮੀਟਿੰਗ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਆਗਾਮੀ ਚੋਣਾਂ ਵਿਚ ਉਨ੍ਹਾਂ ਦੀ ਟੀਮ ਨੂੰ ਸਮਰਥਨ ਦੇਣ ਲਈ ਰਾਜੌਰੀ ਗਾਰਡਨ ਦੀ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੀਆਂ ਸੇਵਾਵਾਂ ਵਿਚ ਕੋਈ ਵਿਘਨ ਨਾ ਪਵੇ, ਇਸ ਲਈ ਮੌਜੂਦਾ ਟੀਮ ਨੂੰ ਮੁੜ ਸੇਵਾਵਾਂ ਮਿਲਣੀਆਂ ਚਾਹੀਦੀਆਂ ਹਨ।