ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਪਰੈਲ
ਇੱਥੇ ਦੱਖਣੀ ਦਿੱਲੀ ਦੇ ਸਰੋਜਨੀ ਨਗਰ ਬਾਜ਼ਾਰ ਵਿੱਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਸਰੋਜਨੀ ਨਗਰ ਬਾਜ਼ਾਰ ਵਿੱਚ ਮੰਗਲਵਾਰ ਤੜਕੇ ਅੱਗ ਲੱਗ ਗਈ ਤੇ ਇਕ ਘੰਟੇ ਵਿੱਚ ਹੀ ਇਸ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਕਰੀਬ 2.20 ਵਜੇ ਤੜਕੇ ਮਿਲੀ। ਫਾਇਰ ਬ੍ਰਿਗੇਡ ਦੇ ਪੰਜ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਇਕ ਘੰਟੇ ਦੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਰੋਜਨੀ ਨਗਰ ਮਿਨੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਵਾ ਨੇ ਕਿਹਾ ਕਿ ਅੱਗ ਸਵੇਰੇ 2 ਵਜੇ ਦੇ ਕਰੀਬ ਲੱਗੀ। ਛੇ -ਸੱਤ ਦੁਕਾਨਾਂ ਅਤੇ 20 ਸਟਾਲਾਂ ਨੂੰ ਤਬਾਹ ਕਰ ਦਿੱਤਾ ਗਿਆ। 2. 30 ਵਜੇ ਫਾਇਰ ਬ੍ਰਿਗੇਡ ਦੇ ਟੈਂਡਰ ਮੌਕੇ ‘ਤੇ ਪਹੁੰਚ ਗਏ। ਜੇ ਫਾਇਰ ਬ੍ਰਿਗੇਡ ਦੇ ਟੈਂਡਰ ਸਮੇਂ ਸਿਰ ਨਾ ਪਹੁੰਚਦੇ ਤਾਂ ਅੱਗ ਨੇ ਹੋਰ ਵੀ ਨੁਕਸਾਨ ਕਰ ਦੇਣਾ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਸਾਹਨੀ ਨੇ ਦੱਸਿਆ ਕਿ ਮਿਨੀ ਮਾਰਕੀਟ ਵਜੋਂ ਜਾਣੀ ਜਾਂਦੀ ਇਸ ਮਾਰਕੀਟ ਵਿੱਚ ਫੜ੍ਹੀ ਵਾਲੇ ਆਪਣਾ ਸਾਮਾਨ ਦੁਕਾਨਾਂ ਦੇ ਬਾਹਰਵਾਰ ਹੀ ਰਾਤ ਨੂੰ ਛੱਡ ਜਾਂਦੇ ਹਨ। ਇਸੇ ਸਾਮਾਨ ਨੂੰ ਪਹਿਲਾਂ ਅੱਗ ਲੱਗੀ ਤੇ ਫਿਰ ਉਹ ਦੁਕਾਨਾਂ ਦੇ ਅੰਦਰ ਜਾ ਲੱਗੀ। ਕਿਉਂਕਿ ਸ਼ਟਰ ਬੰਦ ਸਨ ਜਿਸ ਕਰਕੇ ਕਰੋੜਾਂ ਦਾ ਸਾਮਾਨ ਅੰਦਰ ਹੀ ਤਬਾਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਉਸੇ ਥਾਂ ਨੇੜੇ ਲੱਗੀ ਜਿੱਥੇ ਕੁੱਝ ਸਾਲ ਪਹਿਲਾਂ ਦੀਵਾਲੀ ਮੌਕੇ ਬੰਬ ਧਮਾਕੇ ਹੋਏ ਸਨ।