ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਗਸਤ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਆਊਟਰ ਰਿੰਗ ਰੋਡ (ਭਲਸਵਾ ਲੈਂਡਫਿਲ) ‘ਤੇ ਗੋਲੀਬਾਰੀ ਤੋਂ ਬਾਅਦ ਗੋਗੀ ਗੈਂਗ ਦੇ ਇੱਕ ਸ਼ਾਰਪਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਭਗਵਾਨ ਸਿੰਘ ਉਰਫ਼ ਮੁਕੇਸ਼ (32) ਵਜੋਂ ਹੋਈ। ਮੁਕੇਸ਼ ਮਈ ਮਹੀਨੇ ਵਿੱਚ ਸ਼ਾਹਬਾਦ ਡੇਅਰੀ ਖੇਤਰ ਵਿੱਚ ਟਿੱਲੂ ਗੈਂਗ ਦੇ ਮੈਂਬਰ ਸਤੀਸ਼ ਨੂੰ ਅਗਵਾ ਅਤੇ ਕਤਲ ਕੇਸ ਵਿੱਚ ਲੋੜੀਂਦਾ ਸੀ। ਜਾਣਕਾਰੀ ਮੁਤਾਬਿਕ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਭਗਵਾਨ ਸਿੰਘ ਬਾਹਰੀ ਉੱਤਰੀ ਖੇਤਰ ਵਿੱਚ ਅਪਰਾਧ ਕਰਨ ਲਈ ਆ ਰਿਹਾ ਹੈ, ਜਿਸ ਤੋਂ ਬਾਅਦ ਭਗਵਾਨ ਤੇ ਉਸ ਦੇ ਸਾਥੀਆਂ ਲਈ ਪੁਲੀਸ ਨੂੰ ਤਾਇਨਾਤ ਕੀਤਾ ਗਿਆ। ਹੁਣ ਦੋ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਪੁਲੀਸ ਨੂੰ ਸੂਚਨਾ ਮਿਲੀ ਕਿ ਉਕਤ ਗੈਂਗਸਟਰ ਸਵਰੂਪ ਨਗਰ ਵਾਲੇ ਪਾਸੇ ਤੋਂ ਆਵੇਗਾ ਤੇ ਦੁਪਹਿਰ ਲੈਂਡਫਿਲ ਦੇ ਨੇੜੇ ਇੱਕ ਸਾਥੀ ਨੂੰ ਮਿਲਣ ਲਈ ਭਲਸਵਾ ਵੱਲ ਜਾਵੇਗਾ। ਪੁਲੀਸ ਨੇ ਮੁਲਜ਼ਮ ਨੂੰ ਫੜਨ ਲਈ ਇਕ ਟੀਮ ਬਣਾਈ ਤੇ ਜਾਲ ਵਿਛਾਇਆ ਗਿਆ। ਇਸ ਦੌਰਾਨ ਪੁਲੀਸ ਨੇ ਆਊਟਰ ਰਿੰਗ ਰੋਡ ’ਤੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਨਹੀਂ ਰੁਕਿਆ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਸ ਨੂੰ ਘੇਰ ਪਾ ਕੇ ਆਤਮ ਸਮਰਪਣ ਕਰਨ ਲਈ ਕਿਹਾ। ਭਗਵਾਨ ਸਿੰਘ ਨੇ ਆਪਣੀ ਪਿਸਤੌਲ ਰਾਹੀਂ ਟੀਮ ਵੱਲ ਕੀਤਾ ਤੇ ਪੁਲੀਸ ਨੇ ਵੀ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਕੀਤੀ ਤੇ ਇਸ ਦੌਰਾਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਜਗਜੀਵਨ ਰਾਮ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਅਰਧ-ਆਟੋਮੈਟਿਕ ਪਿਸਤੌਲ ਸਮੇਤ 3 ਕਾਰਤੂਸ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਗੈਂਗਸਟਰ ਭਗਵਾਨ ਸਿੰਘ ਖ਼ਿਲਾਫ਼ ਸੱਤ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।