ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਹਾਈ ਕੋਰਟ ਦੇ ਆਦੇਸ਼ ’ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਲਈ ਗਈ ਪ੍ਰੀਖਿਆ ’ਚ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਪੜ੍ਹਨ-ਲਿਖਣ ’ਚ ਨਾਕਾਮ ਸਾਬਤ ਹੋਏ ਹਨ। ਇਸੇ ਮੁੱਦੇ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਕੌਮ ਵਾਸਤੇ ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ 8 ਸਾਲ ਤੋਂ ਦਿੱਲੀ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਮਨਜਿੰਦਰ ਸਿੰਘ ਸਿਰਸਾ ਨੂੰ ਸਹੀ ਤਰੀਕੇ ਨਾਲ ਗੁਰਮੁਖੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕੌਮ ਨੂੰ ਬਹੁਤ ਜ਼ਿਆਦਾ ਸ਼ਰਮਸਾਰ ਹੋਣਾ ਪੈ ਰਿਹਾ ਹੈ, ਜਿਸ ਦੇ ਕਸੂਰਵਾਰ ਸਿਰਸਾ ਤੇ ਬਾਦਲ ਪਰਿਵਾਰ ਹਨ ਅਤੇ ਹੁਣ ਇਨ੍ਹਾਂ ਨੂੰ ਆਪਣੀਆਂ ਗਲਤੀਆਂ ਲਈ ਸਮੁੱਚੀ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋ ਕੋਰਟ ’ਚ ਦਾਖਲ ਕੀਤੀ ਗਈ ਸਿਰਸਾ ਦੇ ਗੁਰਮੁਖੀ ਟੈਸਟ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਰਨਾ ਨੇ ਕਿਹਾ ਕਿ ਸਹੀ ਸਮੇਂ ’ਤੇ ਸਹੀ ਫ਼ੈਸਲਾ ਆਇਆ ਹੈ ਅਤੇ ਇਸ ਫ਼ੈਸਲੇ ਨੇ ਅਜਿਹੇ ਵਿਅਕਤੀ ਨੂੰ ਮੈਂਬਰ ਬਣਨ ਤੋ ਰੋਕਿਆ ਹੈ, ਜਿਹੜਾ ਦਿੱਲੀ ਕਮੇਟੀ ਦਾ ਮੈਂਬਰ ਬਣਨ ਦੀ ਯੋਗਤਾ ਹੀ ਪੂਰੀ ਨਹੀਂ ਕਰਦਾ। ਸਰਨਾ ਨੇ ਦੱਸਿਆ, ‘ਅਸੀਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਗੁਹਾਰ ਲਾਈ ਸੀ ਕਿ ਸਿਰਸਾ ਨੂੰ ਗੁਰੂ ਗ੍ਰੰਥ ਸਾਹਿਬ ’ਚੋਂ 4-5 ਅੰਗ ਪੜ੍ਹਾ ਕੇ ਵੇਖੋ ਪਰ ਸਾਡੀ ਗੱਲ ਨਹੀਂ ਮੰਨੀ ਗਈ ਅਤੇ ਅੱਜ ਗੁਰਮੁਖੀ ਟੈਸਟ ’ਚ ਫੇਲ੍ਹ ਹੋਏ ਸਿਰਸਾ ਕਾਰਨ ਕੌਮ ਦੀ ਹੇਠੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਜਥੇਦਾਰ ਨੇ ਸਾਡੀ ਗੱਲ ਮੰਨ ਕੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਕੌਮ ਨੂੰ ਨਮੋਸ਼ੀ ਭਰਿਆ ਦਿਨ ਨਹੀਂ ਵੇਖਣਾ ਪੈਣਾ ਸੀ।’