ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਜੂਨ
ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਐਲਾਨੇ ਗਏ ਕਦਮਾਂ ਦੇ ਮੱਦੇਨਜ਼ਰ ਦਿੱਲੀ ਦੇ ਬਾਜ਼ਾਰ ਇਸ ਸਮੇਂ ਫਿਲਹਾਲ ਖੁੱਲ੍ਹੇ ਰਹਿਣਗੇ, ਹਾਲਾਂਕਿ, ਕਰੋਨਾ ਕਾਰਨ ਕੋਈ ਮਾਰਕੀਟ ਕਿਸੇ ਵੀ ਚਿੰਤਾਜਨਕ ਸਥਿਤੀ ਦੇ ਮਾਮਲੇ ਵਿੱਚ ਸਥਾਨਕ ਵਪਾਰੀ ਸੰਗਠਨ ਦੁਕਾਨਾਂ ਖੋਲ੍ਹਣ ਜਾਂ ਖੁੱਲ੍ਹਣ ਦੇ ਦਿਨ ਬਾਰੇ ਜਾਂ ਹਫ਼ਤੇ ਵਿੱਚ ਚਾਰ ਦਿਨ ਤੇ ਤਿੰਨ ਦਿਨ ਬੰਦ ਕਰਨ ਜਾਂ ਇੱਕ ਦਿਨ ਛੱਡਣ ਬਾਰੇ ਫ਼ੈਸਲਾ ਕਰ ਸਕਦੇ ਹਨ। ਇਹ ਫ਼ੈਸਲਾ ਅੱਜ ਦਿੱਲੀ ਦੇ ਕਾਰੋਬਾਰੀ ਨੇਤਾਵਾਂ ਦੀ ਇੱਕ ਵੀਡੀਓ ਕਾਨਫਰੰਸ ‘ਚ ਲਿਆ ਗਿਆ ਜਿਸ ਵਿੱਚ ਤਕਰੀਬਨ 275 ਕਾਰੋਬਾਰੀ ਆਗੂ ਸ਼ਾਮਲ ਹੋਏ। ‘ਕੈਟ’ ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਵਿੱਚ ਵੱਧ ਰਹੇ ਕਰੋਨਾ ਮਾਮਲਿਆਂ ਤੇ ਡਾਕਟਰੀ ਜਾਂਚ ਦੀ ਤਰਸਯੋਗ ਸਥਿਤੀ ਨੂੰ ਕਾਬੂ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਬਹੁਤ ਆਸ ਹੈ ਕਿ ਦਿੱਲੀ ਦੀ ਸਥਿਤੀ ਵਿੱਚ ਜਲਦੀ ਸੁਧਾਰ ਹੋ ਜਾਵੇਗਾ। ਰਾਜਧਾਨੀ ਦਿੱਲੀ ਵਿੱਚ ਸਿਹਤ ਸਹੂਲਤਾਂ ਦੀ ਭਾਰੀ ਘਾਟ ਤੇ ਲੋਕਾਂ ਦੀ ਸਥਿਤੀ ਨੂੰ ਵੇਖਦਿਆਂ ਕੈਟ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ, ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਰੋਨਾ ਖ਼ਿਲਾਫ਼ ਪੱਤਰ ਲਿਖਿਆ ਤੇ ਮਜ਼ਬੂਤ ਮੈਡੀਕਲ ਸਿਸਟਮ ਬਣਾਉਣ ਦੀ ਅਪੀਲ ਕੀਤੀ ਗਈ ਸੀ ਤੇ ਵਪਾਰੀਆਂ ਦੀਆਂ ਮੁਸੀਬਤਾਂ ਤੋਂ ਜਾਣੂ ਕਰਵਾਇਆ ਸੀ।
ਸਦਰ ਬਾਜ਼ਾਰ ਦੇ ਵਪਾਰੀਆਂ ਨੇ ਸਵਾਲ ਪੁੱਛੇ
ਸਦਰ ਬਜ਼ਾਰ ਦੇ ਵਪਾਰੀਆਂ ਵੱਲੋਂ ਕੈੱਟ’ ਦੇ ਆਗੂ ਪ੍ਰਵੀਨ ਖੰਡੇਲਵਾਲ ਤੋਂ ਤਿੱਖੇ ਸਵਾਲ ਪੁੱਛੇ ਗਏ ਕਿ ਉਹ ਕਿਸ ਬਾਜ਼ਾਰ ਦੇ ਵਪਾਰੀਆਂ ਤੋਂ ਪੁੱਛ ਕੇ ਸਰਵੇਖਣ ਕਰਵਾ ਰਹੇ ਸਨ। ਪੁਰਾਣੇ ਥੋਕ ਵਪਾਰਕ ਕੇਂਦਰ ਸਦਰ ਬਜ਼ਾਰ ਦੀ ਸੰਸਥਾ ਦੇ ਆਗੂ ਪਰਮਜੀਤ ਸਿੰਘ ਪੰਮਾ ਨੇ ਸਵਾਲ ਕੀਤਾ ਕਿ ਕਿਹੜੇ ਬਾਜ਼ਾਰ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਦਰ ਬਾਜ਼ਾਰ ਦੇ ਦੁਕਾਨਦਾਰ ਬਾਜ਼ਾਰ ਖੋਲ੍ਹਣ ਲਈ ਦਰ-ਦਰ ਭਟਕ ਰਹੇ ਸਨ ਤਾਂ ਉਹ ਉੱਦੋਂ ਕਿੱਥੇ ਸਨ? ਕੇਂਦਰ ਸਰਕਾਰ ਵੱਲੋਂ ਐਲਾਨੇ ਰਾਹਤ ਪੈਕਜ ਲਈ ਕਿੰਨਾ ਪੈਸਾ ਦਿੱਲੀ ਦੇ ਦੁਕਾਨਦਾਰਾਂ ਨੂੰ ਦਿਲਵਾ ਰਹੇ ਹੋ ਤੇ ਪਹਿਲਾਂ ਤੋਂ ਸੀਲਬੰਦ ਹੋ ਚੁੱਕੀਆਂ ਦੁਕਾਨਾਂ ਖੋਲ੍ਹਣ ਲਈ ਕੁਝ ਨਹੀਂ ਕੀਤਾ ਜਦਕਿ ਉਹ ਕੇਂਦਰੀ ਆਗੂਆਂ ਦੇ ਨੇੜੇ ਹਨ। ਸ੍ਰੀ ਪੰਮਾ ਨੇ ਕਿਹਾ ਕਿ ਵਪਾਰੀਆਂ, ਉਨ੍ਹਾਂ ਦੇ ਮੁਲਾਜ਼ਮਾਂ, ਬਿਮਾਰੀ ਦਾ ਐਲਾਨ ਸਮੇਤ ਕੇਂਦਰ ਤੋਂ ਵੱਡਾ ਰਾਹਤ ਪੈਕੇਜ ਦਿਵਾਉਣ ਵੱਲ ਸ੍ਰੀ ਖੰਡੇਲਵਾਲ ਧਿਆਨ ਦੇਣ।