ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਸੱਤਵੇਂ ਕੋਵਿਡ ਸੀਰੋ ਸਰਵੇਖਣ ਲਈ ਕੁੱਲ 28,000 ਨਮੂਨੇ ਇਕੱਠੇ ਕੀਤੇ ਜਾਣਗੇ, ਜੋ ਕਿ ਕੌਮੀ ਰਾਜਧਾਨੀ ਦੀ ਸਭ ਤੋਂ ਵੱਡੀ ਪ੍ਰਕਿਰਿਆ ਹੈ। ਇਹ ਸਰਵੇਖਣ 24 ਸਤੰਬਰ ਨੂੰ ਸ਼ੁਰੂ ਹੋਇਆ ਹੈ। ਸ਼ਹਿਰ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਪਹਿਲਾਂ ਹੀ ਐਂਟੀ-ਕਰੋਨਾਵਾਇਰਸ ਟੀਕੇ ਦੀਆਂ ਖੁਰਾਕਾਂ ਮਿਲ ਚੁੱਕੀਆਂ ਹਨ। ਪਿਛਲਾ ਸਰਵੇਖਣ ਕੁਝ ਮਹੀਨੇ ਪਹਿਲਾਂ ਕੀਤਾ ਗਿਆ ਸੀ, ਜਦੋਂ ਦਿੱਲੀ ਮਹਾਮਾਰੀ ਦੀ ਦੂਜੀ ਲਹਿਰ ਦੀ ਮਾਰ ਹੇਠ ਸੀ। ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਰੋਲੌਜੀਕਲ ਸਰਵੇਖਣ ਦੇ ਸੱਤਵੇਂ ਗੇੜ ਦੇ ਹਿੱਸੇ ਵਜੋਂ ਕੁੱਲ 28,000 ਨਮੂਨੇ ਇਕੱਠੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ 272 ਮਿਉਂਸਿਪਲ ਵਾਰਡ ਹਨ ਤੇ ਅੱਠ ਦਿੱਲੀ ਛਾਉਣੀ ਬੋਰਡ ਦੇ ਅਧੀਨ ਹਨ। ਇਨ੍ਹਾਂ ਵਿੱਚੋਂ ਹਰ ਵਾਰਡ ਤੋਂ 100 ਨਮੂਨੇ ਇਕੱਠੇ ਕੀਤੇ ਜਾਣਗੇ। ਇਸ ਲਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਕਿਰਿਆ ਹੋਵੇਗੀ। ਨਮੂਨੇ ਇੱਕ ਹਫ਼ਤੇ ਵਿੱਚ ਇਕੱਠੇ ਕੀਤੇ ਜਾਣਗੇ। ਜੈਨ ਨੇ ਅੱਗੇ ਕਿਹਾ ਕਿ ਰਿਪੋਰਟ ਤਿਆਰ ਕਰਨ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗੇਗਾ। 11 ਜ਼ਿਲ੍ਹਿਆਂ ਵਿੱਚ ਫੈਲੀ ਦਿੱਲੀ ਦੀ ਆਬਾਦੀ 2 ਕਰੋੜ ਤੋਂ ਵੱਧ ਹੈ। ਸ਼ੁੱਕਰਵਾਰ ਨੂੰ ਜਾਰੀ ਦਿੱਲੀ ਦੇ ਟੀਕਾਕਰਨ ਬੁਲੇਟਿਨ ਅਨੁਸਾਰ 1.67 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਵਿੱਚ 1.1 ਕਰੋੜ ਤੋਂ ਵੱਧ ਪਹਿਲੀ ਖੁਰਾਕ ਤੇ 51 ਲੱਖ ਤੋਂ ਵੱਧ ਦੂਜੀ ਖੁਰਾਕ ਸ਼ਾਮਲ ਹੈ।