ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰਮਤਿ ਕਾਲਜ ਗੁਰਬਾਣੀ ਸੰਗੀਤ ਅਕੈਡਮੀ ਵੱਲੋਂ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੇ 30ਵੇਂ ਸੈਸ਼ਨ ਦੀ ਸਮਾਪਤੀ ਕੀਤੀ ਗਈ। ਇਸ ਸਬੰਧੀ ਮਾਤਾ ਸੁੰਦਰੀ ਕਾਲਜ ਫ਼ਾਰ ਵਿਮੈਨ ਦੇ ਮਾਤਾ ਗੁਜਰੀ ਜੀ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਸਿੱਖ ਹਿਸਟਰੀ ਰਿਸਰਚ ਸੁਸਾਇਟੀ (ਗੁਰਦਾਸਪੁਰ) ਦੇ ਸਿੱਖ ਇਤਿਹਾਸਕਾਰ ਗਿਆਨੀ ਹਰਜਿੰਦਰ ਸਿੰਘ ਰਜਾਦਾ ਅਤੇ ਹੋਰ ਪਤਵੰਤੇ ਹਾਜ਼ਰ ਸਨ। ਗੁਰਮਤਿ ਕਾਲਜ ਗੁਰਬਾਣੀ ਸੰਗੀਤ ਅਕੈਡਮੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਗੋਲਡੀ ਅਤੇ ਕੋ-ਚੇਅਰਮੈਨ ਤਰਿੰਦਰ ਸਿੰਘ ਸੋਨੀ ਨੇ ਜਗਦੀਪ ਸਿੰਘ ਕਾਹਲੋਂ ਅਤੇ ਗਿਆਨੀ ਹਰਜਿੰਦਰ ਸਿੰਘ ਰਜਾਦਾ ਨੂੰ ਜੀ ਆਇਆਂ ਕਿਹਾ ਤੇ ਸਿਰੋਪਾਓ ਭੇਟ ਕੀਤਾ। ਉਪਰੰਤ ਜਤਿੰਦਰਪਾਲ ਸਿੰਘ ਗੋਲਡੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਕੋਰਸ ਨੂੰ ਆਰੰਭ ਕਰਨ ਦਾ ਕੇਵਲ ਇੱਕੋ ਹੀ ਮਕਸਦ ਹੈ, ਮਨੁੱਖਤਾ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਜਾਵੇ। ਜਗਦੀਪ ਸਿੰਘ ਕਾਹਲੋਂ ਨੇ ਸ਼ਾਰਟ ਟਰਮ ਕੋਰਸ ਦੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਗੁਰਬਾਣੀ ਬਾਰੇ ਦੱਸਦੇ ਹੋਏ ਕਿਹਾ ਕਿ ਸਾਨੂੰ ਗੁਰਬਾਣੀ ਨੂੰ ਆਪਣੇ ਜੀਵਨ ਦਾ ਇੱਕ ਅਹਿਮ ਅੰਗ ਬਣਾਉਣਾ ਚਾਹੀਦਾ ਹੈ। ਜਗਦੀਪ ਕਾਹਲੋਂ ਨੇ ਜਤਿੰਦਰਪਾਲ ਸਿੰਘ ਗੋਲਡੀ, ਤਰਿੰਦਰ ਸਿੰਘ ਸੋਨੀ ਅਤੇ ਇੰਚਾਰਜ ਭਾਈ ਹਰਜੀਤ ਸਿੰਘ ਦੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਅੰਤ ਵਿੱਚ ਸ੍ਰੀ ਗੋਲਡੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਕਮੇਟੀ ਵੱਲੋਂ ਮਿਲਦੇ ਅਹਿਮ ਸਹਿਯੋਗ ਦਾ ਵੀ ਧੰਨਵਾਦ ਕੀਤਾ।