ਕੁਲਦੀਪ ਸਿੰਘ
ਨਵੀਂ ਦਿੱਲੀ, 11 ਸਤੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ, ਦਿੱਲੀ ਵਿੱਚ ਸਾਰਾਗੜ੍ਹੀ ਜੰਗ ਦੀ 125ਵੀਂ ਵਰ੍ਹੇਗੰਢ ਮੌਕੇ ਸਕੂਲੀ ਵਿਦਿਆਰਥੀਆਂ ਵਾਸਤੇ ‘ਵਿਸ਼ੇਸ਼ ਸੈਸ਼ਨ’ ਕੀਤਾ ਗਿਆ। ਸਕੂਲ ਵੱਲੋਂ ਵਿਦਿਆਰਥੀਆਂ ਨੂੰ 36 ਸਿੱਖ ਬਟਾਲੀਅਨ ਦੇ ਇਨ੍ਹਾਂ 21 ਸਿੱਖ ਬਹਾਦਰਾਂ ਦੀ ਸੂਰਬੀਰਤਾ ਲਈ ਇੱਕ ‘ਡਾਕੂਮੈਂਟਰੀ’ ਫਿਲਮ ਵਿਖਾਉਣ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਪ੍ਰਿੰਸੀਪਲ ਸਤਬਿੀਰ ਸਿੰਘ ਨੇ ਕਿਹਾ ਕਿ ਸਕੂਲ ਵੱਲੋਂ ਸਾਰਾਗੜ੍ਹੀ ਦੇ ਇਨ੍ਹਾਂ ਮਹਾਨ ਯੋਧਿਆਂ ਦੀ ਬਹਾਦਰੀ ਨੂੰ ਅਕੀਦਤ ਪੇਸ਼ ਕਰਦੇ ਹੋਏ ਇਹ ਪ੍ਰੋਗਰਾਮ ਕਰਾਏ ਜਾਂਦੇ ਹਨ। ਉਨ੍ਹਾਂ ਨੇ ਪਰਵਿੰਦਰ ਸਿੰਘ ਲੱਕੀ ਵੱਲੋਂ ਭੇਜੇ ਲਿਖਤੀ ਸੁਨੇਹੇ ਰਾਹੀਂ ਦੱਸਿਆ ਕਿ ਚੇਅਰਮੈਨ ਮੁਤਾਬਕ ਸਾਡਾ ਮੁੱਢਲਾ ਕਾਰਜ ਸਕੂਲੀ ਵਿਦਿਆਰਥੀਆਂ ਨੂੰ ਆਪਣੇ ਗੌਰਵਸ਼ਾਲੀ ਵਿਰਸੇ ਤੋਂ ਜਾਣੂੰ ਕਰਾਉਣਾ ਹੈ ਤਾਂ ਕਿ ਉਹ ਆਪਣੀ ਸ਼ਾਨਦਾਰ ਵਿਰਾਸਤ ਨਾਲ ਜੁੜ ਸਕਣ। ਇਸੇ ਲੜੀ ਦੇ ਤਹਿਤ ਅੱਜ ਸਕੂਲ ਵਿੱਚ ਵਿਦਿਆਰਥੀਆਂ ਵਾਸਤੇ ਇਹ ਸੈਸ਼ਨ ਕਰਵਾਇਆ ਗਿਆ ਹੈ। ਦਲਵਿੰਦਰ ਸਿੰਘ ਨੇ ਕਿਹਾ, ‘‘ਅਜੋਕੇ ਸਮੇਂ ਵਿੱਚ ਸਾਨੂੰ ਆਪਣੀ ਕੌਮ ਦੇ ਯੋਧਿਆਂ ਨੂੰ ਯਾਦ ਰੱਖਦਿਆਂ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦੀ ਲੋੜ ਹੈ।’’ ਮੁੱਖ ਮਹਿਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦੇ ਕਨਵੀਨਰ ਤੇ ਵਿਰਾਸਤ ਸਿੱਖਇਜ਼ਮ ਦੇ ਮੁਖੀ ਰਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਸਾਰ ਦੀ ਇਸ ਮਹਾਨ ਜੰਗ ਬਾਰੇ ‘ਸਲਾਈਡ ਸ਼ੋ’ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਵੇਂ 21 ਮਹਾਨ ਸੂਰਬੀਰ ਯੋਧਿਆਂ ਨੇ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਸੁਰੱਖਿਆ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਨ੍ਹਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਉਸ ਸਮੇਂ ਅੰਗੇਰਜ਼ ਸਰਕਾਰ ਨੇ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਤ ਕੀਤਾ।