ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਸਤੰਬਰ
ਦਿੱਲੀ ਵਿੱਚ ਮੀਂਹ ਪੈਣ ਕਾਰਨ ਪਿਛਲੇ 10 ਸਾਲਾਂ ’ਚ 16 ਸਤੰਬਰ ਦਾ ਦਿਨ ਸਭ ਤੋਂ ਠੰਢਾ ਦਰਜ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਨੁਸਾਰ ਕੌਮੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ ਦਿਨ ਨੂੰ ਆਮ ਨਾਲੋਂ ਅੱਠ ਡਿਗਰੀ ਘੱਟ 25.9 ਡਿਗਰੀ ਸੈਲਸੀਅਸ ’ਤੇ ਰਿਹਾ। ਆਈਐੱਮਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅੱਜ ਦਾ ਵੱਧ ਤੋਂ ਵੱਧ ਤਾਪਮਾਨ 25.9 ਡਿਗਰੀ ਸੈਲਸੀਅਸ ਰਿਹਾ, ਜੋ ਪਿਛਲੇ 10 ਸਾਲਾਂ ਵਿੱਚ ਸਤੰਬਰ ਵਿੱਚ ਸਭ ਤੋਂ ਘੱਟ ਤਾਪਮਾਨ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 31 ਤੇ 24 ਡਿਗਰੀ ਸੈਲਸੀਅਸ ਦੇ ਆਸਪਾਸ ਸੀ। ਆਉਣ ਵਾਲੇ ਦਿਨਾਂ ’ਚ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਤੇ ਬੱਦਲ ਛਾਏ ਰਹਿਣਗੇ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਇੱਕ ਦਹਾਕੇ ਵਿੱਚ ਸਭ ਤੋਂ ਠੰਢੇ ਦਿਨ ਤੋਂ ਇਲਾਵਾ ਪਿਛਲੇ ਦੋ ਦਿਨਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਵੀ ਦਿੱਲੀ ਵਿੱਚ ਸਾਲ ਦਾ ਪਹਿਲਾ ‘ਚੰਗੀ’ ਹਵਾ ਗੁਣਵੱਤਾ ਵਾਲਾ ਦਿਨ ਬਣਾਇਆ।
ਸੀਪੀਸੀਬੀ ਦੇ ਅੰਕੜਿਆਂ ਦੇ ਅਨੁਸਾਰ ਸ਼ਹਿਰ ਵਿੱਚ 24 ਘੰਟੇ ਦੀ ਔਸਤ ਹਵਾ ਗੁਣਵੱਤਾ ਸੂਚਕ ਅੰਕ ਸ਼ੁੱਕਰਵਾਰ ਸ਼ਾਮ 4 ਵਜੇ 47 ਸੀ। ਇਹ ਵੀਰਵਾਰ ਨੂੰ 57 ਮਾਪੀ ਗਈ। 0-50 ਦੇ ਵਿਚਕਾਰ ਹਵਾ ਗੁਣਵੱਤਾ ਸੂਚਕਾਂਕ ਨੂੰ ਚੰਗਾ, 51-100 ਤਸੱਲੀਬਖਸ਼, 101- 200 ਦਰਮਿਆਨਾ, 201-300 ਮਾੜਾ, 301-400 ਬਹੁਤ ਮਾੜਾ ਅਤੇ 401-500 ਗੰਭੀਰ ਮੰਨਿਆ ਜਾਂਦਾ ਹੈ। ਆਈਐੱਮਡੀ ਅਧਿਕਾਰੀ ਨੇ ਕਿਹਾ ਕਿ ਦਿੱਲੀ ਵਿੱਚ ਵੀਰਵਾਰ ਸਵੇਰੇ 8.30 ਵਜੇ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਦਰਮਿਆਨ 24 ਘੰਟਿਆਂ ਵਿੱਚ 4.1 ਮਿਲੀਮੀਟਰ ਬਾਰਿਸ਼ ਹੋਈ।