ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਮਾਤਾ ਸੁੰਦਰੀ ਕਾਲਜ ਵਿੱਚ ਗੁਰੂ ਤੇਗ਼ ਬਹਾਦਰ ਬਾਰੇ ਇੱਕ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਹਰਿਆਣਾ ਪੰਜਾਬੀ ਅਕਾਦਮੀ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਸੈਮੀਨਾਰ ਦੌਰਾਨ ਡਾ. ਸੁਮੇਲ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਸਿੱਖ ਵਿਰਾਸਤ ਨੇ ਲੋਕ ਸਾਧਨਾ ਤੋਂ ਸ਼ੁਰੂ ਹੋ ਕੇ ਗਦਰੀਆਂ ਤੱਕ ਰੂਪ ਬਦਲਿਆ ਤੇ ਲੋਕ ਧਾਰਾ ਉਸ ਤੋਂ ਊਰਜਾ ਲੈਂਦੀ ਹੈ। ਡਾ. ਰਵੇਲ ਸਿੰਘ ਨੇ ਕਿਹਾ ਕਿ ਸਿੱਖ ਅਕਾਦਿਮਕਤਾ/ਚਿੰਤਨ ਅਤੇ ਬਣੇ ਹੋਏ ਧਾਰਮਿਕ ਰੂਪ ਦੇ ਫਰਕ ਨੂੰ ਸਮਝਣਾ ਪਵੇਗਾ ਕਿ ਦੋਨੋਂ ਵੱਖਰੇ ਹਨ ਅਤੇ ਦੋਨਾਂ ਦੀ ਪ੍ਰਸੰਗਿਤਾ ਵੀ ਅਹਿਮ ਹੈ। ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਸਿੱਖ ਚਿੰਤਨ ਵਿਸ਼ਵ ਦੇ ਵੱਖ-ਵੱਖ ਧਰਮਾਂ ਦੇ ਪ੍ਰਸੰਗ ਵਿੱਚ ਰੱਖਦੇ ਹੋਏ ਖ਼ੁਦ ਵਿਆਖਿਆ ਕਰੇ। ਆਪਣੀ ਵਿਰਾਸਤ ਵਿੱਚ ਪੈਦਾ ਹੋਏ ਦਵੰਧ ਦਾ ਵੀ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ। ਡਾ. ਚਰਨ ਸਿੰਘ ਨੇ ਕਿਹਾ ਕਿ ਲਗਾਤਾਰ ਸਿੱਖ ਸਮਾਜ ਨੇ ਸਿਧਾਂਤਾਂ ਨੂੰ ਸਾਂਭ ਕੇ ਰੱਖਿਆ ਹੋਇਆ ਪਰ ਅਮਲੀ ਰੂਪ ਵਿੱਚ ਨਾਲੋਂ ਟੁੱਟਿਆ ਹੋਇਆ ਹੈ, ਇਸ ਕਰਕੇ ਧਰਮ ਪ੍ਰੀਵਰਤਨ, ਡੇਰਾਵਾਦ ਦਾ ਪਸਾਰਾ ਹੋਇਆ ਹੈ। ਕਾਲਜ ਦੀ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਕਿਹਾ ਕਿ ਦੋ ਰੋਜ਼ਾ ਕਾਨਫਰੰਸ ਦਾ ਮਕਸਦ ਸਵਾਲ ਪੈਦਾ ਕਰਨ ਸੀ। ਅੱਜ ਨਾਨਕ ਲੇਵਾ ਸਮੂਹ ਸਿੱਖੀ ਤੋਂ ਦੂਰ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵਰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਬੀਤੇ ਦਿਨ ਹਰਿਆਣਾ ਪੰਜਾਬੀ ਅਕਾਦਮੀ ਦੇ ਉਪ-ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਨੇ ਗੁਰੂ ਤੇਗ਼ ਬਹਾਦਰ ਦੇ ਜੀਵਨ ਤੇ ਸਿਧਾਂਤਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਸੀ। ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਡਾ. ਮਹਿੰਦਰ ਕੌਰ ਗਿੱਲ (ਮਰਹੂਮ) ਵੱਲੋਂ ਕਾਲਜ ਵਿੱਚ ਸੈਮੀਨਾਰਾਂ ਦੀ ਪ੍ਰਿਤ ਨੂੰ ਅੱਗੇ ਵੀ ਕਾਇਮ ਰੱਖਣ ਦਾ ਅਹਿਦ ਲਿਆ ਗਿਆ।