ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਗਸਤ
ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਗਰੋਂ ਸੁਰੱਖਿਆ ਏਜੰਸੀਆਂ ਨੇ ਹਵਾਈ ਅੱਡੇ ਦੀ ਸੁਰੱਖਿਆ ਵਧਾ ਦਿੱਤੀ ਹੈ। ਦਿੱਲੀ ਦੀਆਂ ਹੋਰ ਅਹਿਮ ਇਮਾਰਤਾਂ ਵੀ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪਹਿਲਾਂ ਹੀ ਸਖ਼ਤ ਚੌਕਸੀ ਹੇਠ ਹਨ। ਹਾਲਾਂਕਿ ਇਹ ਧਮਕੀ ਫੋਕੀ ਸਾਬਤ ਹੋਈ ਪਰ ਸੁਰੱਖਿਆ ਬਲਾਂ ਨੂੰ ਹੋਰ ਚੌਕਸ ਕੀਤਾ ਗਿਆ ਹੈ। ਬੀਤੇ ਦਿਨ ਦਿੱਲੀ ਪੁਲੀਸ ਨੇ ਲਾਲ ਕਿਲ੍ਹੇ ਕੋਲ ਕੰਨਟੇਨਰਾਂ ਨਾਲ ਉੱਚੀ ਕੰਧ ਬਣਾਈ ਹੈ ਜਿਸ ਦੇ ਪਾਰ ਲਾਲ ਕਿਲ੍ਹਾ ਚਾਂਦਨੀ ਚੌਕ ਦੇ ਪਾਸੇ ਤੋਂ ਦਿਖਾਈ ਨਹੀਂ ਦੇਵੇਗਾ।
ਪੁਲੀਸ ਅੁਨਸਾਰ ਇੱਕ ਈ-ਮੇਲ ਸ਼ਨਿਚਰਵਾਰ ਨੂੰ ਮਿਲੀ ਵਿੱਚ ਕਥਿਤ ਤੌਰ ’ਤੇ ਕਿਹਾ ਗਿਆ ਸੀ ਕਿ ਅਲਕਾਇਦਾ ਦਾ ਸਰਗਨਾ ਯੋਜਨਾਬੱਧਤ ਤਰੀਕੇ ਨਾਲ ਬੰਬ ਧਮਾਕਾ ਕਰੇਗਾ।
ਸੀਨੀਅਰ ਅਧਿਕਾਰੀ ਮੁਤਾਬਕ ਈ-ਮੇਲ ’ਚ ਕਿਹਾ ਗਿਆ ਕਿ ਕਰਨਬੀਰ ਸੂਰੀ ਉਰਫ਼ ਮੁਹੰਮਦ ਜਲਾਲ ਤੇ ਉਸ ਦੀ ਪਤਨੀ ਸ਼ੈਲੀ ਸ਼ਾਰਦਾ ਉਰਫ਼ ਹਸੀਨਾ ਐਤਵਾਰ ਨੂੰ ਸਿੰਘਾਪੁਰ ਤੋਂ ਭਾਰਤ ਆ ਰਹੇ ਹਨ ਜੋ ਅਗਲੇ ਤਿੰਨ ਦਿਨਾਂ ਦੌਰਾਨ ਬੰਬ ਧਮਾਕਾ ਕਰਨਗੇ। ਮੇਲ ਬਾਰੇ ਸੀਨੀਅਰ ਅਧਿਕਾਰੀ ਨੂੰ ਦੱਸਿਆ ਗਿਆ ਅਤੇ ਹਵਾਈ ਅੱਡੇ ਦੇ ਸੰਚਾਲਨ ਕੰਟੋਰਲ ਕੇਂਦਰ ਨੂੰ ਅਲਕਾਇਦਾ ਦੇ ਕਿਸੇ ਸੰਭਾਵੀ ਅਤਿਵਾਦੀ ਹਮਲੇ ਤੋਂ ਚੌਕਸ ਕੀਤਾ। ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਹਾਲ ਹੀ ਵਿੱਚ ਮਿਲਦੇ ਨਾਵਾਂ ’ਤੇ ਸਮਾਨ ਵੇਰਵਿਆਂ ਨਾਲ ਧਮਕੀ ਭਰਿਆ ਸੰਦੇਸ਼ ਮਿਲਿਆ ਸੀ। ਇਸ ਨੂੰ ਬੰਬ ਧਮਾਕੇ ਬਾਰੇ ਮੁਲੰਕਣ ਕਮੇਟੀ (ਬੀਟੀਏਸੀ) ਵੱਲੋਂ ‘ਬਹੁਤੀ ਖ਼ਾਸ ਨਹੀਂ’ ਕਰਾਰ ਦੇ ਦਿੱਤਾ ਗਿਆ। ਹਾਲਾਂਕਿ ਅਧਿਕਾਰੀਆਂ ਨੇ ਪ੍ਰੋਟੋਕੋਲ ਤਹਿਤ ਸੁਰੱਖਿਆ ਸੰਚਾਲਨ ਕੰਟਰੋਲ ਕੇਂਦਰ ਵੱਲੋਂ ਸਾਰੀਆਂ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਸੁਰੱਖਿਆ ਅਮਲੇ ਨੂੰ ਮੁਸ਼ਤੈਦ ਕਰ ਦਿੱਤਾ ਗਿਆ ਹੈ। ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਸਮਾਨ ਸਮੇਤ ਯਾਤਰੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਪਾਰਕਿੰਗ ਤੇ ਹੋਰ ਸਥਾਨਾਂ ਉਪਰ ਵੀ ਸਖ਼ਤ ਪਹਿਰਾ ਹੈ।
ਦਿੱਲੀ ਪੁਲੀਸ ਨੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰ ਕੇ ਲਾਲ ਕਿਲ੍ਹੇ ਦੇ ਮੁੱਖ ਗੇਟ ’ਤੇ ਕੰਟੇਨਰਾਂ ਦੀ ਕੰਧ ਖੜ੍ਹੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੰਟੇਨਰਾਂ ਨੂੰ ਇਸ ਢੰਗ ਨਾਲ ਰੱਖਿਆ ਗਿਆ ਹੈ ਕਿ ਕੋਈ ਵੀ ਮੁਗਲ ਕਾਲ ਦੇ ਕਿਲ੍ਹੇ ਦੇ ਅਹਾਤੇ ਦੇ ਅੰਦਰ ਨਹੀਂ ਦੇਖ ਸਕਦਾ, ਜਿੱਥੋਂ ਪ੍ਰਧਾਨ ਮੰਤਰੀ ਆਜ਼ਾਦੀ ਦਿਵਸ ‘ਤੇ ਰਾਸ਼ਟਰ ਨੂੰ ਹਰ ਸਾਲ ਸੰਬੋਧਨ ਕਰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦੋਂ ਪੁਲੀਸ ਨੇ ਇੰਨੀ ਉੱਚੀ ਕੰਧ ਲਗਾਈ ਹੈ ਤੇ ਚਾਂਦਨੀ ਚੌਕ ਖੇਤਰ ਤੋਂ ਕੋਈ ਵੀ ਕਿਲ੍ਹੇ ਦੇ ਅੰਦਰ ਝਾਕਣ ਦੇ ਯੋਗ ਨਹੀਂ ਹੋਵੇਗਾ।
ਜੁਲਾਈ ਵਿੱਚ ਦਿੱਲੀ ਪੁਲੀਸ ਦੇ ਤਤਕਾਲੀ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਨੇ ਆਦੇਸ਼ ਜਾਰੀ ਕਰ ਕੇ ਡਰੋਨ, ਪੈਰਾਗਲਾਈਡਰ ਤੇ ਗਰਮ ਹਵਾ ਦੇ ਗੁਬਾਰੇ ਵਰਗੀਆਂ ਹਵਾਈ ਵਸਤੂਆਂ ਦੇ ਉਡਾਉਣ ’ਤੇ ਪਾਬੰਦੀ ਲਗਾਈ ਸੀ। ਇਹ ਹੁਕਮ 32 ਦਿਨਾਂ ਦੀ ਮਿਆਦ ਲਈ ਲਾਗੂ ਰਹਿਣਗੇ।