ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਕੇਂਦਰੀ ਦਿੱਲੀ ਦੇ ਰਣਜੀਤ ਨਗਰ ਖੇਤਰ ਵਿੱਚ ਵੱਡੀ ਗਿਣਤੀ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇੱਥੇ ਇੱਕ ਝਗੜੇ ਦੌਰਾਨ ਇੱਕ 27 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲੀਸ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਨੂੰ ਬਣਾਈ ਰੱਖਣ ਲਈ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਫ਼ਿਰਕੂ ਮਸਲੇ ਵਾਲੀ ਕੋਈ ਗੱਲ ਨਹੀਂ ਹੈ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਕਿਸੇ ਵੀ ਅਰਾਜਕਤਾ ਤੋਂ ਬਚਣ ਤੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਹ ਯਕੀਨੀ ਬਣਾਉਣ ਲਈ ਖੇਤਰ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਪੱਸ਼ਟ ਤੌਰ ’ਤੇ ਇਸ ਘਟਨਾ ਦਾ ਕੋਈ ਫ਼ਿਰਕੂ ਕੋਣ ਨਹੀਂ ਸੀ। ਮੋਟਰਸਾਈਕਲ ਸਵਾਰਾਂ ਨੇ ਕਥਿਤ ਤੌਰ ’ਤੇ ਹਾਰਨ ਵਜਾਇਆ ਜਿਸ ਕਾਰਨ ਝਗੜਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਝਗੜਾ ਉਦੋਂ ਸ਼ੁਰੂ ਹੋ ਗਿਆ ਜਦੋਂ ਨਿਤੇਸ਼, ਆਲੋਕ ਤੇ ਮੌਂਟੀ ਨੇ ਮੋਟਰਸਾਈਕਲ ਸਵਾਰ ਤਿੰਨ ਜਣਿਆਂ ਨੂੰ ਕਥਿਤ ਤੌਰ ’ਤੇ ਹਾਰਨ ਵਜਾਉਣ ਲਈ ਰੋਕਿਆ ਤੇ ਉਨ੍ਹਾਂ ਵਿੱਚੋਂ ਇਕ ਦੀ ਕੁੱਟਮਾਰ ਕੀਤੀ ਜੋ ਹੇਠਾਂ ਡਿੱਗ ਪਿਆ। ਇਸ ਮਗਰੋਂ ਹੋਏ ਝਗੜੇ ਵਿੱਚ ਨਿਤੇਸ਼ ਦੇ ਸਿਰ ਵਿੱਚ ਸੱਟ ਲੱਗੀ ਤੇ ਬੇਹੋਸ਼ ਹੋ ਗਿਆ ਸੀ, ਉਸ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਸ ਦੌਰਾਨ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲੀਸ ਨੇ ਹਮਲਾਵਰਾਂ ਦੀ ਪਛਾਣ ਕੀਤੀ ਸੀ। ਘਟਨਾ ਦੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਝਗੜਾ ਨਿਤੇਸ਼ ਤੇ ਆਲੋਕ ਨੇ ਸ਼ੁਰੂ ਕੀਤਾ ਸੀ, ਹਾਲਾਂਕਿ ਅੰਤ ਵਿੱਚ ਦੂਜੀ ਧਿਰ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਡੀਸੀਪੀ ਨੇ ਕਿਹਾ ਕਿ ਨਿਤੇਸ਼ ਅਤੇ ਆਲੋਕ ਦੋਵਾਂ ਦੇ ਪੁਰਾਣੇ ਅਪਰਾਧਕ ਰਿਕਾਰਡ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।