ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਫਰਵਰੀ
ਦਿੱਲੀ ਵਿੱਚ ਸੋਮਵਾਰ ਤੋਂ ਸਕੂਲ ਖੁੱਲ੍ਹ ਜਾਣਗੇ। ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੌਰਾਨ ਓਮੀਕਰੋਨ ਵਾਇਰਸ ਦੇ ਸਾਹਮਣੇ ਆਉਣ ਕਰਕੇ ਸਰਕਾਰ ਨੂੰ ਸਿੱਖਿਆ ਸੰਸਥਾਵਾਂ ਬੰਦ ਕਰਨੀਆਂ ਪਈਆਂ ਸਨ। ਹਾਲਾਤ ਸੁਧਰਨ ਮਗਰੋਂ ਨਿਜੀ ਸਕੂਲਾਂ ਦੀਆਂ ਸੰਸਥਾਵਾਂ ਤੇ ਸਿਆਸੀ ਆਗੂਆਂ ਨੇ ਸਕੂਲ ਮੁੜ ਖੋਲ੍ਹਣ ਦੀ ਮੰਗ ਵੀ ਕੀਤੀ ਸੀ।
ਕਈ ਸਕੂਲਾਂ ਵਿੱਚ ਅੱਜ ਕਮਰਿਆਂ ਨੂੰ ਸੈਨੇਟਾਈਜ਼ ਕੀਤਾ ਗਿਆ। ਦਿਸ਼ਾ-ਨਿਰਦੇਸ਼ ਦੱਸਣ ਲਈ ਪੋਸਟਰ/ਬੋਰਡ ਲਾਏ ਗਏ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦਿੱਲੀ ਦੇ ਸਕੂਲਾਂ ਤੇ ਕਾਲਜਾਂ ਨੂੰ ਮੁੜ ਖੋਲ੍ਹਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਥਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਦਿੱਲੀ ਵਿੱਚ ਵਿੱਦਿਅਕ ਸੰਸਥਾਵਾਂ ਨੂੰ ਮੁੜ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਇਹ ਦਿਸ਼ਾ-ਨਿਰਦੇਸ਼ 7 ਫਰਵਰੀ ਤੋਂ ਲਾਗੂ ਹੋਣਗੇ। ਜਾਮੀਆ ਮਿਲੀਆ ਇਸਲਾਮੀਆ ਵਰਗੀਆਂ ਕੁਝ ਸੰਸਥਾਵਾਂ ਨੇ ਆਫਲਾਈਨ ਕਲਾਸਾਂ ਮੁੜ ਸ਼ੁਰੂ ਕਰਨ ’ਤੇ ਡੀਡੀਐਮਏ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਅਧਿਕਾਰਤ ਦਿਸ਼ਾ-ਨਿਰਦੇਸ਼ ਅਨੁਸਾਰ ਸਕੂਲ, ਕਾਲਜ, ਵਿਦਿਅਕ / ਕੋਚਿੰਗ ਸੰਸਥਾਵਾਂ, ਹੁਨਰ ਵਿਕਾਸ ਤੇ ਸਿਖਲਾਈ ਸੰਸਥਾਵਾਂ, ਹੋਰ ਸਿਖਲਾਈ ਸੰਸਥਾਵਾਂ, 9ਵੀਂ ਜਮਾਤ ਤੋਂ ਬਾਅਦ ਦੇ ਵਿਦਿਆਰਥੀਆਂ ਲਈ ਲਾਇਬ੍ਰੇਰੀਆਂ ਦਿੱਲੀ ਵਿੱਚ 7 ਫਰਵਰੀ ਤੋਂ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। 14 ਫਰਵਰੀ 2022 ਤੋਂ ਜੂਨੀਅਰ ਜਮਾਤਾਂ ਲਈ 8ਵੀਂ ਜਮਾਤ ਤੱਕ ਦੇ ਸਕੂਲ ਮੁੜ ਖੋਲ੍ਹੇ ਜਾਣਗੇ।
ਪਤਾ ਲੱਗਿਆ ਹੈ ਕਿ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਵਿਦਿਆਰਥੀਆਂ, ਅਧਿਆਪਕਾਂ ਤੇ ਸਟਾਫ ਮੈਂਬਰਾਂ ਨੂੰ ਹਰ ਸਮੇਂ ਮਾਸਕ ਪਹਿਨਣੇ ਹੋਣਗੇ ਤੇ ਸਮਾਜਿਕ ਦੂਰੀ ਬਣਾਈ ਰੱਖਣੀ ਹੋਵੇਗੀ ਤਾਂ ਜੋ ਲਾਗ ਨਾ ਫੈਲ ਸਕੇ।