ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਦਸੰਬਰ
ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਦੱਸਿਆ ਕਿ 6ਵੀਂ ਤੇ ਇਸ ਤੋਂ ਉਪਰਲੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ 18 ਦਸੰਬਰ ਤੋਂ ਸਕੂਲ ਦੁਬਾਰਾ ਖੁੱਲ੍ਹਣਗੇ। ਦਿੱਲੀ ਸਰਕਾਰ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਦਿੱਲੀ ਦੇ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਬਾਅਦ ਦੀਆਂ ਸਰੀਰਕ ਕਲਾਸਾਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ।
ਇਸ ਲਈ ਹੁਕਮ ਵਿੱਚ ਕਿਹਾ ਗਿਆ ਕਿ ਉਪਰੋਕਤ ਇਜਾਜ਼ਤ ਦੀ ਰੌਸ਼ਨੀ ਵਿੱਚ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ, ਐੱਨਡੀਐੱਮਸੀ, ਐੱਮਸੀਡੀਸ ਅਤੇ ਦਿੱਲੀ ਕੈਂਟੋਨਮੈਂਟ ਬੋਰਡ ਸਕੂਲ 18 ਦਸੰਬਰ 2021 ਤੋਂ 6ਵੀਂ ਜਮਾਤਾਂ ਲਈ ਦੁਬਾਰਾ ਖੁੱਲ੍ਹਣਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਇਹ ਜਾਣਕਾਰੀ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਤੇ ਮਾਪਿਆਂ ਨੂੰ ਦੇਣ ਦੀ ਹਦਾਇਤ ਕੀਤੀ ਹੈ। ਦਿੱਲੀ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦਿਆ ਪਹਿਲਾਂ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਸਨ। 13 ਦਸੰਬਰ ਨੂੰ ਦਿੱਲੀ ਦੇ ਸਿੱਖਿਆ ਵਿਭਾਗ ਨੇ ਕੇਂਦਰੀ ਵਾਤਾਵਰਨ ਮੰਤਰਾਲੇ ਨੂੰ ਦੋ ਪ੍ਰਸਤਾਵ ਭੇਜੇ ਸਨ। ਇਸ ਤਹਿਤ 6ਵੀਂ ਤੇ ਇਸ ਤੋਂ ਵੱਧ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਤੁਰੰਤ ਖੋਲ੍ਹਣ ਤੇ ਪ੍ਰਾਇਮਰੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 20 ਦਸੰਬਰ ਤੋਂ ਮੁੜ ਖੋਲ੍ਹਣ ਲਈ ਕਿਹਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ 5ਵੀਂ ਜਮਾਤ ਤੱਕ ਦੀਆਂ ਹੋਰ ਕਲਾਸਾਂ ਲਈ ਸਕੂਲ 27 ਦਸੰਬਰ ਤੋਂ ਦੁਬਾਰਾ ਖੁੱਲ੍ਹ ਸਕਦੇ ਹਨ।