ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਜੁਲਾਈ
ਇੱਥੇ ਸਾਰੀਆਂ 14 ਜ਼ਿਲ੍ਹਾ ਕਾਂਗਰਸ ਕਮੇਟੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਮੁਜ਼ਾਹਰੇ ਕੀਤੇ ਗਏ। ਇਹ ਪ੍ਰਦਰਸ਼ਨ ਈਡੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਬੁਲਾਉਣ ਦੇ ਵਿਰੋਧ ਵਿੱਚ ਦਿੱਤੇ ਗਏ। ਇਸ ਦੌਰਾਨ ਕਈ ਥਾਈਂ ਪਦਯਾਤਰਾ ਵੀ ਕੱਢੀ ਗਈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਆਮ ਦਿਨਾਂ ਦੀ ਤਰ੍ਹਾਂ ਅੱਜ ਵੀ ਪੁਲੀਸ ਦੀ ਦਮਨਕਾਰੀ ਨੀਤੀ ਜਾਰੀ ਰਹੀ ਤੇ ਗ੍ਰਹਿ ਮੰਤਰਾਲੇ ਦੇ ਇਸ਼ਾਰੇ ’ਤੇ ਦਿੱਲੀ ਪੁਲੀਸ ਨੇ ਕਈ ਜ਼ਿਲ੍ਹਿਆਂ ਵਿਚ ਭਾਜਪਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਨਹੀਂ ਹੋਣ ਦਿੱਤੇ। ਇਸ ਦੌਰਾਨ ਜਦਕਿ ਕਈ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਪਟਪੜਗੰਜ, ਮਹਿਰੌਲੀ ਅਤੇ ਬਦਰਪੁਰ ਜ਼ਿਲ੍ਹਾ ਕਾਂਗਰਸ ਕਮੇਟੀਆਂ ਵਿੱਚ ਕਰਵਾਏ ਗਏ ਸੱਤਿਆਗ੍ਰਹਿ ਵਿੱਚ ਹਾਜ਼ਰ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਨੇ ਕਿਹਾ ਕਿ ਤਾਨਾਸ਼ਾਹ ਮੋਦੀ ਸਰਕਾਰ ਦੀ ਕੁਤਾਹੀ ਅਤੇ ਤਾਨਾਸ਼ਾਹੀ ਕਾਰਨ ਈਡੀ ਅਤੇ ਸੀਬੀਆਈ, ਵਿਰੋਧੀ ਧਿਰ ਅਤੇ ਕਾਂਗਰਸ ਦੇ ਨੇਤਾਵਾਂ ਵਿਰੁੱਧ ਕੀਤੀ ਜਾ ਰਹੀ ਸਵਾਰਥ ਤੇ ਬਦਲਾਖੋਰੀ ਦੀ ਕਾਰਵਾਈ ਕਾਰਨ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰੀ ਪ੍ਰਣਾਲੀ ਖ਼ਤਰੇ ਵਿਚ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਈਡੀ ਕੋਲ ਕੋਈ ਸਵਾਲ ਹੀ ਨਹੀਂ ਸੀ ਤਾਂ ਕਾਂਗਰਸ ਪ੍ਰਧਾਨ ਨੂੰ ਈਡੀ ਦਫ਼ਤਰ ਕਿਉਂ ਬੁਲਾਇਆ। ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਪ੍ਰਧਾਨ ਸਵਾਲ ਦੇਣ ਲਈ ਮੌਜੂਦ ਸਨ ਤਾਂ ਉਨ੍ਹਾਂ ਨੂੰ 4 ਦਿਨਾਂ ਬਾਅਦ ਕਿਉਂ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੀ ਮੋਦੀ ਸਰਕਾਰ ਅਗਲੀ ਪੁੱਛਗਿੱਛ ਵਿੱਚ ਸਵਾਲ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬਹੁਤ ਵੱਡਾ ਸਵਾਲ ਹੈ ਜਿਸ ਬਾਰੇ ਸਾਰੇ ਦੇਸ਼ ਵਾਸੀਆਂ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਇਕੱਠੇ ਹੋ ਕੇ ਭਾਜਪਾ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਵਿਰੋਧ ਕਰਨ ਲਈ ਕਿਹਾ। ਇਸ ਮੌਕੇ ਕਈ ਕਾਂਗਰਸੀ ਵਰਕਰ ਹਾਜ਼ਰ ਸਨ, ਜਿਨ੍ਹਾਂ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।