ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਦਿੱਲੀ ਦੇ ‘ਆਪ’ ਨੇਤਾ ਸਤਿੰਦਰ ਜੈਨ ਦੀ ਇੱਕ ਤਸਵੀਰ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਪਿਛਲੇ ਦਿਨ ਇੱਕ ਹਸਪਤਾਲ ਲਿਜਾਇਆ ਜਾ ਰਿਹਾ ਸੀ। ਕੇਜਰੀਵਾਲ ਨੇ ਹਾਲਾਂਕਿ ਆਪਣੇ ਮੰਤਰੀ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ‘ਆਪ’ ਕਨਵੀਨਰ ਨੇ ਕਿਹਾ, ‘‘ਉਹ ਈਡੀ ਦੀ ਹਿਰਾਸਤ ਵਿੱਚ ਹੈ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਡਾ ਕੋਈ ਸਿੱਧਾ ਸੰਪਰਕ ਨਹੀਂ ਹੈ। ਮੈਂ ਇਸ ’ਤੇ ਕੋਈ ਟਿੱਪਣੀ ਕਰਨ ਦੀ ਸਥਿਤੀ ਵਿੱਚ ਨਹੀਂ ਹਾਂ। ਉਸ ਨੂੰ ਕੱਲ੍ਹ ਹਸਪਤਾਲ ਲਿਜਾਇਆ ਗਿਆ ਸੀ ਤੇ ਉਹ ਕੁੱਝ ਠੀਕ ਹਨ।’’ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਸਵੀਰ ’ਚ ਜੈਨ ਨੂੰ ਕਾਰ ਦੇ ਅੰਦਰ ਬੈਠੇ ਦੇਖਿਆ ਜਾ ਸਕਦਾ ਹੈ।
ਜੈਨ ਦੀ ਤਸਵੀਰ ਸਾਂਝੀ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਟਵੀਟ ਕੀਤਾ, ‘‘ਇਹ ਉਹ ਵਿਅਕਤੀ ਹੈ, ਜਿਸ ਨੇ ਮੁਹੱਲਾ ਕਲੀਨਿਕ ਦਾ ਮਾਡਲ ਦੇਸ਼ ਨੂੰ ਦਿੱਤਾ ਤੇ 5 ਫਲਾਈਓਵਰ ਬਣਾ ਕੇ ਦਿੱਲੀ ਵਾਸੀਆਂ ਦੇ 300 ਕਰੋੜ ਰੁਪਏ ਬਚਾਏ। ਮੋਦੀ ਅਤੇ ਉਸ ਦੀ ਮੈਨਾ (ਈਡੀ) ’ਤੇ ਇੱਕ ਕਾਲਾ ਦਾਗ ਹੈ। ਦੇਸ਼ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ।’’