ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਪਰੈਲ
ਰੋਹਿਣੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਵਜੀਤ ਸਿੰਘ ਵਿਰਕ ਵੱਲੋਂ ਚੋਣ ਪ੍ਰਚਾਰ ਦੇ ਆਖ਼ਰੀ ਦਸ ਦਿਨਾਂ ਦੀ ਰਣਨੀਤੀ ਉਲੀਕਦੇ ਹੋਏ ਆਪਣੀ ਸਾਰੀ ਤਾਕਤ ਝੋਕ ਦਿੱਤੀ ਗਈ ਹੈ ਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਇਲਾਕੇ ਦੇ ਤੂਫ਼ਾਨੀ ਦੌਰੇ ਜਾਰੀ ਹਨ।
ਉਹ ਖ਼ੁਦ ਇਲਾਕਿਆਂ ਦੀਆਂ ਸਿੰਘ ਸਭਾਵਾਂ ਤੇ ਹੋਰ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਨੁੱਕੜ ਬੈਠਕਾਂ ਤੇ ਘਰਾਂ ਵਿੱਚ ਬੈਠਕਾਂ ਕਰ ਰਹੇ ਹਨ। ਰਾਮਗੜ੍ਹੀਆ ਭਾਈਚਾਰੇ ਦੀਆਂ ਅਹਿਮ ਸੰਸਥਾਵਾਂ ਵੀ ਉਨ੍ਹਾਂ ਦੇ ਨਾਲ ਚੱਲ ਰਹੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਸਿੱਖ ਵੋਟਰਾਂ ਨਾਲ ਸੰਪਰਕ ਬਣਾਇਆ ਗਿਆ ਹੈ। ਉਨ੍ਹਾਂ ਨਾਲ ਦਰਸ਼ਨ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਐੱਚਐੱਸ ਧਾਰੀਵਾਲ, ਗੁਰਬਚਨ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ, ਪਲਵਿੰਦਰ ਸਿੰਘ ਤੇ ਕੁਲਦੀਪ ਸਿੰਘ ਸਮੇਤ ਹੋਰ ਪਤਵੰਤਿਆਂ ਨੇ ਅੱਜ ਮੁਲਾਕਾਤ ਕੀਤੀ। ਇਲਾਕਾ ਵਾਸੀਆਂ ਵੱਲੋਂ ਦਿੱਲੀ ਕਮੇਟੀ ਦੇ ਲੌਕਡਾਊਨ ਦੌਰਾਨ ਕੀਤੇ ਕਾਰਜਾਂ ਨੂੰ ਲੈ ਕੇ ਜੋ ਰਾਇ ਉੱਭਰ ਰਹੀ ਹੈ, ਉਸ ਤੋਂ ਉਮੀਦਵਾਰ ਉਤਸ਼ਾਹਿਤ ਹਨ। ਰੋਹਿਣੀ ਇਲਾਕੇ ਵਿੱਚ ਪੰਜਾਬੀ ਜਗਤ ਨਾਲ ਜੁੜੀਆਂ ਕਈ ਅਹਿਮ ਸ਼ਖ਼ਸੀਅਤਾਂ ਵੀ ਰਹਿੰਦੀਆਂ ਹਨ। ਕਈ ਪੰਜਾਬੀ ਲੇਖਕ, ਕਵੀ ਤੇ ਬੁੱਧੀਜੀਵੀ ਰੋਹਿਣੀ ਦੇ ਵੱਖ-ਵੱਖ ਸੈਕਟਰਾਂ ਵਿੱਚ ਰਹਿੰਦੇ ਹੋਣ ਕਰਕੇ ਉਨ੍ਹਾਂ ਦੀਆਂ ਨਜ਼ਰਾਂ ਇਨ੍ਹਾਂ ਚੋਣਾਂ ਉਪਰ ਲੱਗੀਆਂ ਹੋਈਆਂ ਹਨ। ਸ੍ਰੀ ਵਿਰਕ ਵੱਲੋਂ ਆਪਣੇ ਕੰਮ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਤੇ ਉਹ ਵਿਰੋਧੀਆਂ ਉਪਰ ਬੇਤੁੱਕੇ ਦੋਸ਼ ਨਾ ਲਾਉਣ ਦੀਆਂ ਦਲ ਵੱਲੋਂ ਆਪਣੇ ਉਮੀਦਵਾਰਾਂ ਨੂੰ ਦਿੱਤੀਆਂ ਹਦਾਇਤਾਂ ਦੀ ਵੀ ਪਾਲਣਾ ਕਰ ਰਹੇ ਹਨ।