ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੁਲਾਈ
ਦਿੱਲੀ ਦੀ ਮਸ਼ਹੂਰ ਸਰੋਜਨੀ ਨਗਰ ਦੀ ਐਕਸਪੋਰਟ ਮਾਰਕੀਟ ਅੱਜ 3 ਦਿਨਾਂ ਮਗਰੋਂ ਖੁੱਲ੍ਹ ਗਈ ਹੈ। ਬੀਤੀ ਰਾਤ ਨਵੀਂ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਨੇਮਾਂ ਦੀ ਪਾਲਣਾ ਕਰਨ ਦੀ ਸਖ਼ਤੀ ਪ੍ਰਤੀ ਸੁਹਿਰਦ ਰਹਿਣ ਦੀਆਂ ਹਦਾਇਤਾਂ ਦੇ ਕੇ 200 ਦੁਕਾਨਾਂ ਮੁੜ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ। ਹੁਕਮ ਵਿੱਚ ਕਿਹਾ ਗਿਆ ਕਿ ਮਾਰਕੀਟ ਐਸੋਸੀਏਸ਼ਨ ਨੇ ਸਮੇਂ-ਸਮੇਂ ’ਤੇ ਕੋਵਿਡ ਨੇਮਾਂ ਦੀ ਪਾਲਣਾ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਕਰਕੇ 21 ਜੁਲਾਈ ਤੋਂ ਇਹ ਬਾਜ਼ਾਰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਐਸੋਸੀਏਸ਼ਨ ਨੇ ਆਗੂ ਆਸ਼ੋਕ ਰੰਧਾਵਾ ਨੇ ਕਿਹਾ ਕਿ ਵੀਰਵਾਰ ਤੱਕ ਸਾਰੇ ਦੁਕਾਨਦਾਰਾਂ ਤੇ ਉਨ੍ਹਾਂ ਦੇ ਅਮਲੇ ਨੂੰ ਸ਼ਨਾਖਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਤਾਂ ਜੋ ਕਰੋਨਾ ਨੇਮਾਂ ਦੀ ਸਹੀ ਪਾਲਣਾ ਕਰਨ ਤੇ ਕਰਵਾਉਣ ਵਿੱਚ ਸੌਖ ਰਹੇ।
ਕਰੋਨਾ ਕਾਰਨ ਚਾਰ ਮਰੀਜ਼ਾਂ ਦੀਆਂ ਮੌਤਾਂ, 62 ਨਵੇਂ ਕੇਸ ਆਏ
ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਸਿਹਤ ਬੁਲੇਟਿਨ ਅਨੁਸਾਰ ਦਿੱਲੀ ਵਿਚ ਕੋਵਿਡ-19 ਦੇ 62 ਮਾਮਲੇ ਸਾਹਮਣੇ ਆਏ ਤੇ ਚਾਰ ਮਰੀਜ਼ਾਂ ਦੀਆਂ ਮੌਤਾਂ ਹੋਈਆਂ, ਇਸ ਨਾਲ ਕੁੱਲ ਮੌਤਾਂ ਦੀ ਗਿਣਤੀ 25,039 ਹੋ ਗਈ ਹੈ। ਦੱਸਿਆ ਗਿਆ ਹੈ ਕਿ ਪਿਛਲੇ 24 ਘੰਟਿਆਂ ਵਿੱਚ 191 ਮਰੀਜ਼ ਇਸ ਲਾਗ ਤੋਂ ਠੀਕ ਹੋਏ। ਬੁਲੇਟਿਨ ਅਨੁਸਾਰ ਕੇਸਾਂ ਦੀ ਮੌਤ ਦਰ 1.74 ਫ਼ੀਸਦ ਹੈ। ਐਕਟਿਵ ਕੇਸਾਂ ਦੀ ਗਿਣਤੀ 566 ਹੈ, ਜੋ ਇਕ ਦਿਨ ਪਹਿਲਾਂ 569 ਸੀ। ਕੰਟੇਨਮੈਂਟ ਜ਼ੋਨਾਂ ਦੀ ਗਿਣਤੀ ਪਿਛਲੇ ਦਿਨ 406 ਦੇ ਮੁਕਾਬਲੇ 403 ਰਹਿ ਗਈ ਹੈ। ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ 0.07 ਫ਼ੀਸਦ ਦਰ ਨਾਲ ਪੰਜ ਦੀ ਮੌਤ ਅਤੇ 44 ਕੇਸ ਦਰਜ ਕੀਤੇ ਗਏ ਸਨ।
ਦੱਖਣੀ ਦਿੱਲੀ ਨਗਰ ਨਿਗਮ ਨੇ 20 ਹਜ਼ਾਰ ਤੋਂ ਵੱਧ ਮੌਤ ਦੇ ਸਰਟੀਫਿਕੇਟ ਵੰਡੇ
ਦੱਖਣੀ ਦਿੱਲੀ ਨਗਰ ਨੇ ਅਪਰੈਲ ਤੋਂ ਲੈ ਕੇ ਜੂਨ ਤੱਕ ਕਰੋਨਾ ਦੀ ਦੂਜੀ ਵੱਡੀ ਲਹਿਰ ਦੌਰਾਨ 20 ਹਜ਼ਾਰ ਤੋਂ ਵੱਧ ਮੌਤ ਦੇ ਸਰਟੀਫਿਕੇਟ ਵੰਡੇ। ਅਧਿਕਾਰੀਆਂ ਮੁਤਾਬਕ ਅਪਰੈਲ ਵਿੱਚ 3,351, ਮਈ ਵਿੱਚ 10,209 ਤੇ ਜੂਨ ਵਿੱਚ 6,832 ਮੌਤਾਂ ਹੋਣ ਦੇ ਅੰਕੜੇ ਰਜਿਸਟਰਡ ਕੀਤੇ। ਅਪਰੈਲ ਦੇ ਮੁਕਾਬਲੇ ਮਈ ਵਿੱਚ 4 ਗੁਣਾਂ ਵੱਧ ਮੌਤਾਂ ਹੋਈਆਂ। ਹਾਲਾਂਕਿ ਇਨ੍ਹਾਂ ਅੰਕੜਿਆਂ ਵਿੱਚ ਆਮ ਬਿਮਾਰੀਆਂ ਕਾਰਨ ਜਾਂ ਕੁਦਰਤੀ ਮੌਤਾਂ ਦੇ ਮਾਮਲਿਆਂ ਦੇ ਅੰਕੜੇ ਵੀ ਸ਼ਾਮਲ ਹਨ। ਇਸ ਵਕਫ਼ੇ ਦੌਰਾਨ ਮਈ ਵਿੱਚ 4656 ਜਨਮ ਪ੍ਰਮਾਣ ਪੱਤਰ, ਅਪਰੈਲ ਵਿੱਚ 4976 ਜਨਮ ਪ੍ਰਮਾਣ ਪੱਤਰ ਵੀ ਦਿੱਤੇ ਗਏ।