ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ 8 ਸਾਲ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਵਾਪਸੀ ਹੋਈ ਹੈ ਤੇ ਉਹ ਅੱਜ ਕਮੇਟੀ ਐਕਟ ਮੁਤਾਬਕ ਕੋਅਪਟ ਕੀਤੇ ਜਾਣ ਵਾਲੇ ਦੋ ਮੈਂਬਰਾਂ ਵਿੱਚੋਂ ਇੱਕ ਮੈਂਬਰ ਵਜੋਂ ਚੁਣੇ ਗਏ। ਉਨ੍ਹਾਂ ਨੂੰ ਵਿਰੋਧੀ ਧਿਰ ਦੀਆਂ 18 ਵੋਟਾਂ ਮਿਲੀਆਂ ਤੇ ਜਾਗੋ ਪਾਰਟੀ ਦੇ 3, ਪੰਥਕ ਅਕਾਲੀ ਲਹਿਰ ਦੇ ਇੱਕ ਤੇ ਇੱਕ ਆਜ਼ਾਦ ਜਿੱਤੇ ਮੈਂਬਰ ਸਮੇਤ ਉਨ੍ਹਾਂ ਦੇ ਆਪਣੇ ਧੜੇ ਦੇ 13 ਮੈਂਬਰਾਂ ਨੇ ਵੋਟਾਂ ਸ੍ਰੀ ਸਰਨਾ ਦੇ ਹੱਕ ਵਿੱਚ ਪਾਈਆਂ। ਸਰਨਾ ਧੜੇ ਦਾ ਇੱਕ ਜਿੱਤਿਆ ਮੈਂਬਰ ਸੁਖਬੀਰ ਸਿੰਘ ਕਾਲੜਾ ਦਲ ਬਦਲੀ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲ ਹੋ ਚੁੱਕਾ ਹੈ। ਜਿੱਤੇ 46 ਮੈਂਬਰਾਂ ਵਿੱਚੋਂ ਘੱਟੋ-ਘੱਟ 16-16 ਵੋਟਾਂ ਲੈ ਕੇ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਰਮ ਸਿੰਘ ਰੋਹਿਣੀ ਨੂੰ 15 ਵੋਟਾਂ ਮਿਲੀਆਂ ਹਨ, ਪਰ ਉਨ੍ਹਾਂ ਦੇ ਮੈਂਬਰ ਵਜੋਂ ਚੁਣੇ ਜਾਣ ਦਾ ਐਲਾਨ ਭਲਕੇ ਕੀਤਾ ਜਾਵੇਗਾ।
ਪ੍ਰੀਤ ਵਿਹਾਰ ਤੋਂ ਜਿੱਤੇ ਬਾਦਲ ਧੜੇ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ ਬਾਰੇ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਉਸ ਨੂੰ ਨਾਮਜ਼ਦਗੀ ਤੇ ਜਨਰਲ ਹਾਊਸ ਦੀ ਬਣਤਰ ਦੌਰਾਨ ਵੋਟ ਪਾਉਣ ਦੇ ਮਿਲੇ ਹੋਏ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ। ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਸ੍ਰੀ ਭੁੱਲਰ ਦੀ ਵੋਟ ਸੀਲਬੰਦ ਲਿਫ਼ਾਫ਼ੇ ਵਿੱਚ ਬੰਦ ਕਰਕੇ ਹਾਈ ਕੋਰਟ ਵਿੱਚ ਜਮ੍ਹਾਂ ਕਰਵਾਉਣ ਮਗਰੋਂ 10 ਸਤੰਬਰ ਨੂੰ ਅਦਾਲਤ ਵਿੱਚ ਉਹ ਵੋਟ ਖੋਲ੍ਹੀ ਜਾਵੇਗੀ। ਇਸ ਵੋਟ ਦੇ ਮਿਲਣ ਮਗਰੋਂ ਵਿਕਰਮ ਸਿੰਘ ਰੋਹਿਣੀ ਨੂੰ ਨਾਮਜ਼ਦ ਕਰਨ ਦੀ ਸਿਰਫ਼ ਰਸਮ ਰਹਿ ਜਾਵੇਗੀ।
ਬਾਦਲ ਧੜੇ ਦੇ ਮੈਂਬਰਾਂ ਦੀ ਚੋਣ ਡਾਇਰੈਕਟਰ ਨਾਲ ਬਹਿਸ
ਨਵੀਂ ਦਿੱਲੀ(ਪੱਤਰ ਪ੍ਰੇਰਕ):ਦਿੱਲੀ ਸਿੱਖ ਗੁਰਦੁਆਰਾ ਚੋਣ ਬੋਰਡ ਵੱਲੋਂ ਅੱਜ ਚੁਣੇ ਗਏ 46 ਮੈਂਬਰਾਂ ਤੋਂ ਇਲਾਵਾ ਕੋਅਪਟ ਕੀਤੇ ਜਾਣ ਵਾਲੇ ਮੈਂਬਰਾਂ ਲਈ ਬੁਲਾਈ ਗਈ ਬੈਠਕ ਦੌਰਾਨ ਗਰਮਾ-ਗਰਮੀ ਦਾ ਮਾਹੌਲ ਬਣਿਆ ਤੇ ਬਾਦਲ ਧੜੇ ਦੇ ਮੈਂਬਰਾਂ ਦੀ ਤਿੱਖੀ ਬਹਿਸ ਚੋਣ ਡਾਇਰੈਕਟਰ ਨਾਲ ਹੋਈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰ ਆਤਮਾ ਸਿੰਘ ਲੁਬਾਣਾ ਨੇ ਤਾਂ ਅਧਿਕਾਰੀ ਦੀ ਕਾਰ ਵੱਲ ਜੁੱਤੀ ਵੀ ਸੁੱਟੀ, ਜੋ ਕਾਰ ਦੀ ਤਾਕੀ ਵਿੱਚ ਹੀ ਫਸ ਕੇ ਰਹਿ ਗਈ। ਆਤਮਾ ਸਿੰਘ ਲੁਬਾਣਾ ਨੇ ਕਿਹਾ ਕਿ ਚੋਣ ਬੋਰਡ ਵੱਲੋਂ ਪੱਖਪਾਤੀ ਰਵੱਈਆ ਅਪਣਾਇਆ ਜਾ ਰਿਹਾ ਹੈ ਤੇ ਅੱਜ ਦਿੱਲੀ ਦੀਆਂ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੇ ਲਾਟਰੀ ਰਾਹੀਂ ਚੁਣੇ ਜਾਂਦੇ ਨਾਵਾਂ ਦਾ ਡਰਾਅ ਵੀ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸੰਗਤ ਵੱਲੋਂ ਦਿੱਤੇ ਫਤਵੇ ਦੀ ਅਣਦੇਖੀ ਕਰਕੇ ‘ਆਪ’, ਭਾਜਪਾ ਤੇ ਕਾਂਗਰਸ ਰਲ਼ ਕੇ ਕਮੇਟੀ ਦੇ ਜਨਰਲ ਹਾਊਸ ਦੇ ਗਠਨ ਵਿੱਚ ਢੁੱਚਰਾਂ ਡਾਹ ਰਹੇ ਹਨ। ਉਧਰ ਜਾਗੋ ਦੇ ਮੈਂਬਰ ਸਤਨਾਮ ਸਿੰਘ ਵੱਲੋਂ ਮਨਜਿੰਦਰ ਸਿੰਘ ਸਿਰਸਾ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਜੋਂ ਮੈਂਬਰ ਨਾਮਜ਼ਦ ਕਰਨ ਖ਼ਿਲਾਫ਼ ਸ਼ਿਕਾਇਤ ਚੋਣ ਡਾਇਰੈਕਟਰ ਦੇ ਨਾਂ ਦਿੱਤੀ ਗਈ ਹੈ।