ਪੱਤਰ ਪ੍ਰੇਰਕ
ਨਵੀਂ ਦਿੱਲੀ , 14 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਥੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਮੇਟੀ ਦੀਆਂ ਸਾਲਾਨਾ ਆਡਿਟ ਰਿਪੋਰਟਾਂ ਪਹਿਲਾਂ ਹੀ ਜਨਤਕ ਹਨ ਤੇ ਚੋਣਾਂ ਰੁਕਵਾਉਣ ਲਈ ਪਰਮਜੀਤ ਸਿੰਘ ਸਰਨਾ ਝੂਠ ਬੋਲ ਕੇ ਕਮੇਟੀ ਚੋਣਾਂ ਰੁਕਵਾਉਣ ਦਾ ਯਤਨ ਕਰ ਰਹੇ ਹਨ ਜੋ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ।
ਇਸ ਦੌਰਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਆਡਿਟ ਰਿਪੋਰਟਾਂ ਦਾ ਬਹਾਨਾ ਬਣਾ ਕੇ ਪਰਮਜੀਤ ਸਿੰਘ ਸਰਨਾ ਇਕ ਵਾਰ ਫਿਰ ਤੋਂ ਅਦਾਲਤ ਪਹੁੰਚ ਗਏ ਤੇ ਚੋਣਾਂ ਰੋਕਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਨਾ ਦੀ ਪਾਰਟੀ ਦੇ ਆਗੂ ਕਰਤਾਰ ਸਿੰਘ ਵਿੱਕੀ ਗੁਜਰਾਲ ਵੱਲੋਂ ਪਾਏ ਕੇਸ 2016, 2017 ਤੇ 2018 ਦੀਆਂ ਆਡਿਟ ਰਿਪੋਰਟਾਂ ਅਖ਼ਬਾਰਾਂ ਵਿਚ ਨਾ ਛਾਪੇ ਜਾਣ ਦੀ ਦਲੀਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਹ ਕਾਰਜਕਾਲ ਮਨਜੀਤ ਸਿੰਘ ਜੀ ਕੇ ਦੀ ਪ੍ਰਧਾਨਗੀ ਦਾ ਕਾਰਜਕਾਲ ਸੀ। ਉਨ੍ਹਾਂ ਕਿਹਾ ਕਿ ਸਿਰਫ ਇਹ ਤਿੰਨ ਸਾਲ ਹੀ ਨਹੀਂ ਬਲਕਿ 2019 ਤੇ 2020 ਦੀਆਂ ਰਿਪੋਰਟਾਂ ਵੀ ਪਹਿਲਾਂ ਹੀ ਜਨਤਕ ਹਨ ਤੇ ਹੁਣ ਇਨ੍ਹਾਂ ਦੀਆਂ ਕਾਪੀਆਂ ਪਰਮਜੀਤ ਸਿੰਘ ਸਰਨਾ ਦੇ ਘਰ ਵੀ ਭੇਜ ਰਹੇ ਹਾਂ ਤੇ ਅਦਾਲਤ ਵਿਚ ਵੀ ਪੇਸ਼ ਕਰਾਂਗੇ। ਇਸ ਦੌਰਾਨ ਉਨ੍ਹਾਂ ਮੀਡੀਆ ਨੂੰ ਵੀ ਆਡਿਟ ਰਿਪੋਰਟਾਂ ਦੀਆਂ ਕਾਪੀਆਂ ਵੰਡੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਰਨਾ ਚਾਹੁਣ ਤਾਂ ਇਹ ਆਡਿਟ ਰਿਪੋਰਟਾਂ ਫਰੇਮ ਕਰਵਾ ਕੇ ਆਪਣੇ ਘਰ ਰੱਖ ਸਕਦੇ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਦਾ ਬਹਾਨਾ ਬਣਾ ਕੇ ਚੋਣਾਂ ਰੁਕਵਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨ੍ਹਾਂ ਇਕ ਵਾਰ ਫਿਰ ਤੋਂ ਸਿੰਘ ਸਭਾਵਾਂ ਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਰਨਾ ਨੂੰ ਸਮਝਾਉਣ ਕਿ ਦਿੱਲੀ ਕਮੇਟੀ ਚੋਣਾਂ 22 ਤਰੀਕ ਨੂੰ ਹੋਣ ਦਿੱਤੀਆਂ ਜਾਣ। ਉਨ੍ਹਾਂ ਆਸ ਪ੍ਰਗਟਾਈ ਕਿ ਅਦਾਲਤ ਵੀ 22 ਤਰੀਕ ਨੂੰ ਚੋਣਾਂ ਯਕੀਨੀ ਬਣਾਏਗੀ।