ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਗਸਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 125 ਬੈੱਡਾਂ ਦਾ ਗੁਰੂ ਹਰਿ ਕ੍ਰਿਸ਼ਨ ਹਸਪਤਾਲ ਕਰੋਨਾ ਕਾਲ ਵਿਚ ਲੋਕਾਂ ਦੀ ਸੇਵਾ ਵਾਸਤੇ ਤਿਆਰ ਹੈ ਪਰ ਪਰਮਜੀਤ ਸਿੰਘ ਸਰਨਾ ਨੇ ਇਸ ਦੀ ਸ਼ੁਰੂਆਤ ਦੇ ਰਾਹ ਵਿਚ ਜੋ ਅੜਿੱਕੇ ਲਗਾਏ ਹਨ, ਉਹ ਜਲਦੀ ਹੀ ਕਾਨੂੰਨੀ ਤਰੀਕੇ ਨਾਲ ਦੂਰ ਕੀਤੇ ਜਾਣਗੇ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਦੁਨੀਆਂ ਦੀਆਂ ਵੱਖ-ਵੱਖ ਸਰਕਾਰਾਂ ਤੇ ਸੰਗਤ ਦੇ ਸਹਿਯੋਗ ਨਾਲ ਤਿਆਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਦੀ ਸ਼ੁਰੂਆਤ ਵਿਚ ਸਿਰਫ਼ 48 ਘੰਟੇ ਹੀ ਰਹਿ ਗਏ ਸਨ ਕਿ ਸ੍ਰੀ ਸਰਨਾ ਨੇ ਇਸ ਬਿਰਧ ਉਮਰ ਵਿਚ ਹਸਪਤਾਲ ਦੀ ਸ਼ੁਰੂਆਤ ਰੁਕਵਾ ਕੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਰਨਾ ਨੇ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲੇ ਤੇ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਤੇ ਦਿੱਲੀ ਦੀ ਸੰਗਤ ਨਾਲ ਧਰੋਹ ਕਮਾਇਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਇਸ ਮਾਮਲੇ ਵਿਚ ਕਾਨੂੰਨੀ ਰਾਇ ਲੈ ਰਹੇ ਹਾਂ ਤੇ ਜਲਦ ਹੀ ਇਹ ਅੜਿੱਕਾ ਕਾਨੂੰਨੀ ਤਰੀਕੇ ਨਾਲ ਦੂਰ ਕਰ ਕੇ ਹਸਪਤਾਲ ਸੰਗਤ ਨੂੰ ਸਮਰਪਿਤ ਕੀਤਾ ਜਾਵੇਗਾ ਤਾਂ ਜੋ ਕਰੋਨਾ ਕਾਲ ਵਿਚ ਕਿਸੇ ਮਰੀਜ਼ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।’’
ਉਨ੍ਹਾਂ ਕਿਹਾ ਕਿ ਸ੍ਰੀ ਸਰਨਾ ਨੂੰ ਸਿਰਫ਼ ਇਹੀ ਤਕਲੀਫ਼ ਹੈ ਕਿ ਜੇ ਹਸਪਤਾਲ ਸ਼ੁਰੂ ਹੋ ਗਿਆ ਤਾਂ ਸ੍ਰੀ ਸਰਨਾ ’ਤੇ ਸਵਾਲ ਉੱਠਣਗੇ ਕਿ ਉਨ੍ਹਾਂ (ਸਰਨਾ) ਹਸਪਤਾਲ ਕਿਉਂ ਨਹੀਂ ਬਣਾਇਆ? ਉਨ੍ਹਾਂ ਕਿਹਾ ਕਿ ਸਰਨਾ ਨੇ ਇਹ ਵੀ ਨਹੀਂ ਸੋਚਿਆ ਕਿ ਜੇ ਕਰੋਨਾ ਕਾਲ ਵਿਚ ਹਸਪਤਾਲ ਸ਼ੁਰੂ ਨਾ ਹੋਇਆ ਤਾਂ ਫਿਰ ਮਰੀਜ਼ ਕਿੱਥੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਦੇ ਮੁੱਖ ਮੰਤਰੀ ਤੇ ਮੰਤਰੀ ਲੋਕਾਂ ਦਾ ਖ਼ਿਆਲ ਕਰਦਿਆਂ ਦਿੱਲੀ ਕਮੇਟੀ ਨੂੰ ਆਖ ਰਹੇ ਹਨ ਕਿ 400 ਬੈਡਾਂ ਦਾ ਗੁਰੂ ਤੇਗ ਬਹਾਦਰ ਕਰੋਨਾ ਕੇਅਰ ਸੈਂਟਰ ਜਲਦੀ ਤੋਂ ਜਲਦੀ ਮੁੜ ਸ਼ੁਰੂ ਕੀਤਾ ਜਾਵੇ। ਦੂਜੇ ਪਾਸੇ, ਹਸਪਤਾਲਾਂ ਦੀ ਸ਼ੁਰੂਆਤ ਦੇ ਰਾਹ ਵਿਚ ਅੜਿੱਕੇ ਲਗਾਏ ਜਾ ਰਹੇ ਹਨ ਜਿਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।
ਪੱਤਰਕਾਰਾਂ ਵੱਲੋਂ ਕੀਤੇ ਮਨਜੀਤ ਸਿੰਘ ਜੀਕੇ ਬਾਰੇ ਸਵਾਲ ’ਤੇ ਸ੍ਰੀ ਸਿਰਸਾ ਨੇ ਕਿਹਾ, ‘‘ਚੰਗਾ ਹੁੰਦਾ ਕਿ ਜੇ ਸ੍ਰੀ ਜੀਕੇ ਆਪ ਸ੍ਰੀ ਸਰਨਾ ਨੂੰ ਕਹਿੰਦੇ ਕਿ ਅਸੀਂ ਦੋਵੇਂ ਤਾਂ ਹਸਪਤਾਲ ਨਹੀਂ ਬਣਾ ਸਕੇ ਪਰ ਮਨਜਿੰਦਰ ਸਿੰਘ ਸਿਰਸਾ ਨੇ ਹਸਪਤਾਲ ਬਣਾ ਦਿੱਤਾ ਹੈ, ਇਸ ਲਈ ਇਸ ਦੀ ਸ਼ੁਰੂਆਤ ਦੀ ਅਰਦਾਸ ਵਿਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੈ ਪਰ ਉਨ੍ਹਾਂ ਘਟੀਆ ਰਾਜਨੀਤੀ ਤੇ ਉਲਟਾ ਬਾਬਾ ਹਰਬੰਸ ਸਿੰਘ ਤੇ ਬਾਬਾ ਬਚਨ ਸਿੰਘ ਦੀ ਸੇਵਾ ‘ਤੇ ਹੀ ਸਵਾਲ ਚੁੱਕ ਦਿੱਤੇ ਹਨ।’’
ਕੇਸ ਕਰਨ ਵਾਲੇ ਨਾਲ ਕੋਈ ਸਬੰਧ ਨਹੀਂ: ਸਰਨਾ
ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਉਨ੍ਹਾਂ ਦਾ ਹਸਪਤਾਲ ਬਾਰੇ ਮਾਮਲੇ ਵਿੱਚ ਕੇਸ ਕਰਨ ਵਾਲੇ ਨਾਲ ਕੋਈ ਸਬੰਧ ਨਹੀਂ ਹੈ। ਸੱਤਾਧਾਰੀ ਧਿਰ ਵੱਲੋਂ ਲਾਏ ਦੋਸ਼ ਗ਼ਲਤ ਹਨ।