ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜਨਵਰੀ
ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣ ਰਹੇ ਹਸਪਤਾਲ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਭੋਗਲ ਨੇ ਅੱਜ ਪ੍ਰੈੱਸ ਕਾਨਫ਼ਰੰਸ ਕਰ ਕੇ ਮੀਡੀਆ ਨੂੰ ਦੱਸਿਆ ਕਿ ਸਰਨੇ ਭਰਾ ਹਸਪਤਾਲ ਮਾਮਲੇ ’ਚ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ। ਭੋਗਲ ਨੇ ਕਿਹਾ ਕਿ ਕੌਮ ਦੀ ਬਦਕਿਸਮਤੀ ਹੈ ਕਿ ਸਰਨੇ ਭਰਾਵਾਂ ਵਰਗੇ ਲੀਡਰ ਸਾਡੀ ਕੌਮ ਵਿਚ ਹਨ। ਉਨ੍ਹਾਂ ਕਿਹਾ ਕਿ ਅੱਜ ਹਸਪਤਾਲ ਜੇਕਰ ਨਹੀਂ ਬਣ ਸਕਿਆ ਤਾਂ ਉਸ ਦੇ ਅਸਲੀ ਕਸੂਰਵਾਰ ਇਹ ਸਰਨੇ ਭਰਾ ਹੀ ਹਨ, ਜਿਨ੍ਹਾਂ ਨੇ ਹਸਪਤਾਲ ਨੂੰ ਨਿੱਜੀ ਹੱਥਾਂ ਵਿਚ ਸੌਂਪ ਕੇ ਸੰਗਤ ਨਾਲ ਵੱਡਾ ਧਰੋਹ ਕੀਤਾ, ਜਿਸ ਦੇ ਸਿੱਟੇ ਵੱਜੋਂ ਹਸਪਤਾਲ ਦੀ ਬਿਲਡਿੰਗ ਵੀ ਅੱਜ ਖੰਡਰ ਵਿਚ ਤਬਦੀਲ ਹੋ ਚੁਕੀ ਹੈ। ਭੋਗਲ ਨੇ ਕਿਹਾ ਕਿ ਜਦੋਂ ਸਾਡੀ ਪਾਰਟੀ ਕੋਲ ਸੇਵਾ ਸੀ, ਉਸ ਸਮੇਂ ਦੌਰਾਨ ਸਰਕਾਰ ਪਾਸੋਂ ਜ਼ਮੀਨ ਲੈ ਕੇ ਹਸਪਤਾਲ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ ਤੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਨੂੰ ਇਸ ਦੀ ਕਾਰਸੇਵਾ ਦਿੱਤੀ ਗਈ ਸੀ। ਸਰਨੇ ਭਰਾਵਾਂ ਨੇ ਜਦੋਂ ਹਸਪਤਾਲ ਨੂੰ ਨਿੱਜੀ ਹੱਥਾਂ ਵਿਚ ਦਿੱਤਾ ਤੇ ਮਨੀਪਾਲ ਗਰੂਪ ਤੋਂ ਫ਼ਿਰ ਬੀ.ਐੱਲ. ਕਪੂਰ ਨੂੰ ਦਿੱਤਾ ਪਰ ਸੰਗਤਾਂ ਦੇ ਵਿਰੋਧ ਦੇ ਚਲਦੇ ਹਸਪਤਾਲ ਨਿੱਜੀ ਹੱਥਾਂ ਵਿਚ ਤਾਂ ਨਹੀਂ ਗਿਆ ਪਰ ਕਰੋੜਾਂ ਰੁਪਏ ਗੋਲਕ ’ਚੋਂ ਕੰਪਨੀ ਨੂੰ ਮੋੜੇ ਗਏ।
ਉਨ੍ਹਾਂ ਕਿਹਾ, ‘ਅਸੀਂ ਦਿੱਲੀ ਦੀ ਸੰਗਤ ਨਾਲ ਵਾਅਦਾ ਕੀਤਾ ਸੀ ਕਿ ਸਾਨੂੰ ਸੇਵਾ ਮਿਲਣ ’ਤੇ ਅਸੀਂ ਹਸਪਤਾਲ ਨੂੰ ਸ਼ੁਰੂ ਕਰਾਂਗੇ ਤੇ ਜਦੋਂ ਮਨਜਿੰਦਰ ਸਿੰਘ ਸਿਰਸਾ ਤੇ ਹਰਮੀਤ ਸਿੰਘ ਕਾਲਕਾ ਦੀ ਕਮੇਟੀ ਨੂੰ ਸੇਵਾ ਮਿਲੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਫ਼ਿਰ ਬਾਲਾ ਸਾਹਿਬ ਵਿਖੇ ਅਰਦਾਸ ਕਰਕੇ ਹਸਪਤਾਲ ਦਾ ਕੰਮ ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ ਦੇ ਪਾਸੋਂ ਸ਼ੁਰੂ ਕਰਵਾਇਆ।