ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁੜ ਚੋਣਾਂ ਐਲਾਨੇ ਜਾਣ ਮਗਰੋਂ ਦਿੱਲੀ ਦੀ ਸਿੱਖ ਰਾਜਨੀਤੀ ਵਿੱਚ ਦੋਸ਼ਾਂ ਦਾ ਦੌਰ ਫਿਰ ਭਖ ਗਿਆ ਹੈ। ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੇ ਅਦਾਲਤ ਵੱਲੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ‘ਲੁੱਕਆਊਟ’ ਨੋਟਿਸ ਜਾਰੀ ਕਰਨ ਬਾਰੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਬਾਰੇ ਵੀ ਇਸ ਧੜੇ ਦੇ ਆਗੂਆਂ ਨੇ ਸਵਾਲ ਕੀਤੇ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਹੁਣ ਸ੍ਰੀ ਸਿਰਸਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।
ਇਸੇ ਦੌਰਾਨ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਅਦਾਲਤ ਦਿੱਲੀ ਕਮੇਟੀ ਵੱਲੋਂ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਨੂੰ ਜਾਰੀ ਨੋਟਿਸ ਦੀ ਕੋਈ ਅਹਿਮੀਅਤ ਨਹੀਂ ਹੈ ਕਿਉਂਕਿ ਨੋਟਿਸ ਜਾਰੀ ਹੋਣ ਦਾ ਮਤਲਬ ਸਬੂਤ ਝੂਠੇ ਸਾਬਤ ਨਹੀਂ ਹੋ ਜਾਂਦੇ। ਸ੍ਰੀ ਸ਼ੰਟੀ ਨੇ ਇਸ ਤਰਕ ਨੂੰ ਹੋਰ ਪੁਖਤਾ ਕਰਨ ਲਈ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਪਾਏ ਮੁੱਕਦਮੇ ਦਾ ਹਵਾਲਾ ਵੀ ਦਿੱਤਾ ਕਿ ਤਤਕਾਲੀ ਮੈਨੇਜਰ (ਦਿੱਲੀ ਕਮੇਟੀ) ਹਰਜੀਤ ਸਿੰਘ ਨੇ ਵੀ ਅਪੀਲ ਕੀਤੀ ਸੀ।