ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਹਿੰਦੂ ਸਮਾਜ ’ਤੇ ਹਮਲਿਆਂ ਖ਼ਿਲਾਫ਼ ਵੱਖ-ਵੱਖ ਹਿੰਦੂ ਸੰਗਠਨਾਂ ਨੇ ਅੱਜ ਕੌਮੀ ਰਾਜਧਾਨੀ ਵਿੱਚ ਤਿਰੰਗਾ ਲਹਿਰਾਉਂਦਿਆਂ ‘ਸੰਕਲਪ ਮਾਰਚ’ ਕੱਢਿਆ ਅਤੇ ‘ਜੈ ਸ੍ਰੀ ਰਾਮ’ ਦੇ ਨਾਅਰੇ ਲਾਏ। ਮਾਰਚ ਮੰਡੀ ਹਾਊਸ ਇਲਾਕੇ ਤੋਂ ਸ਼ੁਰੂ ਹੋ ਕੇ ਜੰਤਰ-ਮੰਤਰ ਵਿੱਚ ਸਮਾਪਤ ਹੋਇਆ। ਇਸ ਮੌਕੇ ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਤੇ ਕਪਿਲ ਮਿਸ਼ਰਾ ਵੀ ਮੌਜੂਦ ਸਨ। ਉੱਤਰੀ ਦਿੱਲੀ ਦੇ ਸਾਬਕਾ ਮੇਅਰ ਅਵਤਾਰ ਸਿੰਘ ਨੇ ਕਿਹਾ ਕਿ ਇਸ ‘ਸੰਕਲਪ ਮਾਰਚ’ ਲਈ ਕਈ ਹਿੰਦੂ ਜਥੇਬੰਦੀਆਂ ਸੜਕਾਂ ’ਤੇ ਹਨ। ਕਪਿਲ ਮਿਸ਼ਰਾ ਨੇ ਕਿਹਾ ਕਿ ਮਾਰਚ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਦੇਸ਼ ਸੰਵਿਧਾਨ ਮੁਤਾਬਕ ਚੱਲੇਗਾ, ਸ਼ਰੀਅਤ ਮੁਤਾਬਕ ਨਹੀਂ। ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਭਾਰਤ ਸੰਵਿਧਾਨ ਮੁਤਾਬਕ ਚੱਲਦਾ ਹੈ, ਧਾਰਮਿਕ ਕਾਨੂੰਨ ਨਾਲ ਨਹੀਂ ਚਲਦਾ।