ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਮਈ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਆਪਣੀ ਪੂਰੀ ਇੱਕ ਸਾਲ ਦੀ ਮੁਫ਼ਤ ਹਵਾਈ ਯਾਤਰਾ ਦਿੱਲੀ ਵਿੱਚ ਫਸੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਵਰਤੀ ਹੈ। ਹਰੇਕ ਸੰਸਦ ਮੈਂਬਰ ਸਾਲ ਭਰ ਵਿੱਚ 34 ਮੁਫ਼ਤ ਹਵਾਈ ਯਾਤਰਾ ਕਰ ਸਕਦਾ ਹੈ। ਸੰਜੇ ਸਿੰਘ ਨੇ ਬਿਹਾਰ ਦੇ ਫਸੇ ਮਜ਼ਦੂਰਾਂ ਨੂੰ ਆਪਣੀ ਸਾਲ ਦੀ ਮੁਫ਼ਤ ਹਵਾਈ ਯਾਤਰਾ ਦੀ ਸਹੂਲਤ ਰਾਹੀਂ ਪਟਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਸੰਸਦ ਮੈਂਬਰ ਨੇ ਸਾਰੇ ਮਜ਼ਦੂਰ ਸਾਥੀਆਂ ਨੂੰ ਵਿਸਤਾਰਾ ਏਅਰ ਲਾਈਨ ਦੀ ਉਡਾਣ ਯੂਕੇ -715 ਰਾਹੀਂ ਦਿੱਲੀ ਹਵਾਈ ਅੱਡੇ ਤੋਂ ਸ਼ਾਮ ਨੂੰ ਪਟਨਾ ਭੇਜਿਆ। ਇਸ ਤੋਂ ਪਹਿਲਾਂ ਸੰਜੇ ਸਿੰਘ ਵੱਲੋਂ ਹਜ਼ਾਰਾਂ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਪਹੁੰਚਾਇਆ ਗਿਆ ਸੀ।