ਨਵੀਂ ਦਿੱਲੀ (ਪੱਤਰ ਪ੍ਰੇਰਕ): ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫਗਾਨਿਸਤਾਨ ਵਿੱਚ ਰਹਿ ਰਹੇ ਘੱਟ ਗਿਣਤੀ ਵਰਗਾਂ ਦੇ ਮੈਂਬਰਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਸ੍ਰੀ ਸਾਹਨੀ ਨੇ ਕਿਹਾ ਕਿ ਉੱਥੇ ਅਜੇ ਵੀ ਸਿੱਖ ਰਹਿੰਦੇ ਹਨ ਤੇ 140 ਮਾਮਲਿਆਂ ਵਿੱਚੋਂ ਕਈਆਂ ਦੇ ਈ-ਵੀਜ਼ਾ ਜਾਰੀ ਹੋਣੇ ਰਹਿੰਦੇ ਹਨ। 50 ਦੇ ਕਰੀਬ ਉੱਥੇ ਪਰਿਵਾਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਇੱਕ ਮੰਤਰੀ ਨੇ ਬੀਤੇ ਦਿਨ ਹੀ ਸਿੱਖਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮਹਾਵੀਰ ਨਗਰ ਵਿੱਚ ਮੁੜ ਵਸੇਬਾ ਦੇ ਪ੍ਰਬੰਧ ਵਿਸ਼ਵ ਪੰਜਾਬੀ ਸੰਸਥਾ ਤੇ ਸੰਨ ਫਾਊਂਡੇਸ਼ਨ ਵੱਲੋਂ ਕੀਤੇ ਗਏ ਹਨ ਤੇ ਦਿੱਲੀ ਦੇ ਅਫ਼ਗਾਨੀ ਸਿੱਖ ਖੌਫ਼ਜ਼ਦਾ ਹਨ। ਦਿੱਲੀ ਵਿੱਚ ਰਹਿੰਦੇ ਸਿੱਖਾਂ ਦੇ ਰਿਸ਼ਤੇਦਾਰਾਂ ਨੇ ਭਾਰਤ ਤੋਂ ਮਦਦ ਦੀ ਮੰਗ ਕੀਤੀ ਹੈ। ਅਫਗਾਨਿਸਤਾਨ ਵਿੱਚ ਹੋਏ ਧਮਾਕੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਗੁਰਦੁਆਰੇ ਦੇ ਅੰਦਰ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਮੈਂਬਰ ਸੁਰੱਖਿਅਤ ਹਨ। ਉਨ੍ਹਾਂ ਨੇ ਦੱਸਿਆ ਕਿ ਅਫਗਾਨਿਸਤਾਨ ’ਚ ਸਿੱਖ ਹਰਜੀਤ ਸਿੰਘ ਦੀ ਦੁਕਾਨ ਵਿਚ ਧਮਾਕਾ ਹੋਇਆ। ਖੁਸ਼ਕਿਸਮਤੀ ਨਾਲ ਜਦੋਂ ਦੁਕਾਨ ਵਿੱਚ ਧਮਾਕਾ ਹੋਇਆ ਤਾਂ ਉਹ ਦੁਪਹਿਰ ਦਾ ਖਾਣਾ ਖਾਣ ਗਿਆ ਹੋਇਆ ਸੀ।