ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ‘ਆਪ’ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਜੇਐੱਲਐੱਨਯੂ ਵਿੱਚ ਪੰਜਾਬੀ ਵਿਭਾਗ ਦੀ ਸਥਾਪਨਾ ਲਈ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਉਹ ਕਾਲਜ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਏ। ਸ੍ਰੀ ਸਾਹਨੀ ਨੇ ਦੱਸਿਆ ਕਿ ਉਹ ਕਿਵੇਂ ਆਪਣੀ ਮਿਹਨਤ ਸਦਕਾ ਜ਼ਮੀਨੀ ਪੱਧਰ ਤੋਂ ਉੱਤੇ ਉੱਠਣ ਦੇ ਸਮੱਰਥ ਹੋਏ ਤੇ ਇਸ ਮੁਕਾਮ ਉੱਤੇ ਪਹੁੰਚੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਤੇ ਡਾ. ਅਮਨਪ੍ਰੀਤ ਸਿੰਘ ਗਿੱਲ ਦੀ ਕਿਤਾਬ ‘ਗੁਰੂ ਨਾਨਕ ਦੇਵ ਦੀ ਸਬਲਾਇਨ ਲਾਈਫ ਐਂਡ ਪਰਸਪੈਕਟਿਵ’ ਰਿਲੀਜ਼ ਕੀਤੀ ਗਈ। ਵਾਇਸ ਪ੍ਰਿੰਸੀਪਲ ਪ੍ਰੋ. ਸੁਰਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਐੱਮ.ਪੀ. ਚੱਢਾ, ਸੁਖਬੀਰ ਸਿੰਘ ਕਾਲਰਾ, ਐੱਚ.ਐੱਸ. ਨਾਗ, ਜਗਤਾਰਨ ਸਿੰਘ, ਬਲਬੀਰ ਸਿੰਘ ਕੋਹਲੀ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।