ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਾਰਚ
ਪੰਜਾਬੀ ਸਾਹਿਤ ਸਭਾ ਦੇ ਆਪਣੇ ਪੰਜਾਬੀ ਭਵਨ ਵਿੱਚ ਨਾਵਲਕਾਰ ਰੂਪ ਸਿੰਘ ਦੇ ਨਾਵਲ ਹਵਾਵਾਂ ਦੇ ਖ਼ਿਲਾਫ਼ ਨੂੰ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਡਾ. ਰੇਣੁਕਾ ਸਿੰਘ ਅਤੇ ਸਿਰਮੌਰ ਲੇਖਕ ਬਲਬੀਰ ਮਾਧੋਪੁਰੀ ਨੇ ਲੋਕ ਅਰਪਣ ਕੀਤਾ। ਹੋਰਨਾਂ ਸਮੇਤ ਇਸ ਮੌਕੇ ਸਭਾ ਦੇ ਖਜਾਨਚੀ ਹਰਵਿੰਦਰ ਸਿੰਘ, ਲੇਖਕ ਅਸ਼ੋਕ ਵਸ਼ਿਸ਼ਠ, ਤਰਲੋਚਨ ਕੌਰ ਤੇ ਗੁਰਮੀਤ ਸਿੰਘ ਵੀ ਹਾਜਰ ਸਨ। ਬਲਬੀਰ ਮਾਧੋਪੁਰੀ ਨੇ ਕਿਹਾ ‘‘ਰੂਪ ਸਿੰਘ ਇਕ ਪ੍ਰੌੜ ਤੇ ਵਿਲੱਖਣ ਰਚਨਾ ਕਰਨ ਵਾਲਾ ਲੇਖਕ ਹੈ ਕਿਉਂਕਿ ਇਸ ਦਾ ਪਹਿਲਾ ਨਾਵਲ ਹਵਾਵਾਂ ਦੇ ਖਿਲਾਫ ਰਵਾਇਤੀ ਨਾਵਲਾਂ ਤੋਂ ਵੱਖਰੇ ਤਰੀਕੇ ਦਾ ਨਾਵਲ ਹੈ, ਇਸ ਨਾਵਲ ਦੀ ਭੂਮਿਕਾ ਮੈਂ 1993 ’ਚ ਲਿਖੀ ਸੀ। ਤਕਰੀਬਨ 27 ਸਾਲ ਬਾਅਦ ਉਸਦਾ ਦੂਸਰੀ ਐਡੀਸ਼ਨ ਨੂੰ ਰਿਲੀਜ਼ ਕਰਨ ਦਾ ਮੌਕਾ ਵੀ ਮਿਲਿਆ ਹੈ, ਇਹ ਮੇਰੇ ਵਾਸਤੇ ਖੁਸ਼ੀ ਦੀ ਗੱਲ ਹੈ ਤੇ ਨਾਲ ਹੀ ਦਸ ਦੇਵਾਂ ਕਿ ਰੂਪ ਸਿੰਘ ਦਾ ਨਾਵਲ ‘ਬਾਕੀ ਸਫਾ ਨੰਬਰ 5 ’ਤੇ ਵੀ ਪੰਜਾਬੀ ਸਾਹਿਤ ਜਗਤ ਵਿਚ ਮੀਲ ਪੱਥਰ ਸਿੱਧ ਹੋ ਰਿਹਾ ਹੈ। ਡਾ. ਰੇਣੁਕਾ ਸਿੰਘ ਨੇ ਕਿਹਾ ਕਿ ਇਹ ਨਾਵਲ 27 ਸਾਲ ਪਹਿਲਾਂ ਵੀ ਅਤੇ ਅੱਜ ਵੀ ਰਾਜਨੀਤੀ ਗੰਧਲੇ ਮਾਹੌਲ ਨੂੰ ਪੇਸ਼ ਹੀ ਨਹੀਂ ਕਰਦਾ ਸਗੋਂ ਰਾਜਨੀਤਕਾਂ ਦਾ ਅਸਲੀ ਚਿਹਰਾ ਵੀ ਲੋਕਾਂ ਨੂੰ ਵਿਖਾਉਂਦਾ ਹੈ। ਅੰਤ ’ਚ ਰੂਪ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਨਾਵਲ ਮੈਂ ਭਾਪਾ ਪ੍ਰੀਤਮ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਲਿਖ ਸਕਿਆ ਹਾਂ। ਉਨ੍ਹਾਂ ਨੇ ਹੀ ਮੈਨੂੰ ਸਾਹਿਤਕ ਭਾਸ਼ਾ ਪ੍ਰਯੋਗ ਕਰਨ ਬਾਰੇ ਦੱਸਿਆ ਸੀ ਜੋ ਅੱਜ ਵੀ ਮੇਰੇ ਪ੍ਰੇਰਨਾ ਸਰੋਤ ਬਣੇ ਹੋਏ ਹਨ। ਮੈਂ ਨਵਯੁਗ ਪਬਲਿਸ਼ਰਜ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀਆਂ ਦੋਹਾਂ ਕਿਤਾਬਾਂ ਨੂੰ ਬਹੁਤ ਹੀ ਸੁਚੱਜੇ ਤੇ ਸੋਹਣੇ ਢੰਗ ਨਾਲ ਛਾਪ ਕੇ ਮੈਨੂੰ ਲੇਖਕਾਂ ਦੀ ਕਤਾਰ ਵਿਚ ਖੜ੍ਹਾ ਕੀਤਾ ਹੈ।’’