ਪੱਤਰ ਪ੍ਰੇਰਕ
ਨਵੀਂ ਦਿੱਲੀ 24 ਸਤੰਬਰ
ਬਾਰ ਕੌਂਸਲ ਆਫ਼ ਦਿੱਲੀ ਦੇ ਚੇਅਰਮੈਨ ਰਾਕੇਸ਼ ਸ਼ੇਰਾਵਤ ਨੇ ਰਾਜਧਾਨੀ ਦੇ ਰੋਹਿਣੀ ਕੋਰਟ ਕੰਪਲੈਕਸ ਵਿੱਚ ਸ਼ੁੱਕਰਵਾਰ ਦੀ ਗੋਲੀਬਾਰੀ ਨੂੰ ਵੱਡੀ ਸੁਰੱਖਿਆ ਢਿੱਲ ਦੱਸਿਆ। ਇਸ ਘਟਨਾ ਵਿਰੁੱਧ ਬਾਰ ਕੌਂਸਲ ਨੇ ਭਲਕੇ ਇਕ ਰੋਜ਼ਾ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰੋਹਿਣੀ ਅਦਾਲਤ ’ਚ ਗੋਲੀਬਾਰੀ ਦੀ ਘਟਨਾ ਸੁਰੱਖਿਆ ਦੀ ਵੱਡੀ ਲਾਪ੍ਰਵਾਹੀ ਹੈ। ਇਨ੍ਹਾਂ ਘਟਨਾਵਾਂ ਨਾਲ ਅਦਾਲਤ ਦੀ ਸੁਰੱਖਿਆ ਦਾਅ ’ਤੇ ਲੱਗੀ ਹੋਈ ਹੈ। ਪੁਲੀਸ ਕਮਿਸ਼ਨਰ ਕੋਲ ਇਹ ਮੁੱਦਾ ਉਠਾਉਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦੀ ਲਾਪਰਵਾਹੀ ਕਾਰਨ ਹੀ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ। ਅਸੀਂ ਇਸ ਮੁੱਦੇ ਨੂੰ ਇੱਕ ਜ਼ਰੂਰੀ ਮੀਟਿੰਗ ਵਿੱਚ ਉਠਾਵਾਂਗੇ, ਅਸੀਂ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰਾਂਗੇ ਤੇ ਅੱਜ ਦੀ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਾਂਗੇ ਤੇ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਾਂਗੇ।’ ਦਿੱਲੀ ਬਾਰ ਕੌਂਸਲ ਦੇ ਸਾਬਕਾ ਮੁਖੀ ਕੇਸੀ ਮਿੱਤਲ ਨੇ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਰੋਹਿਣੀ ਕੋਰਟ, ਦਿੱਲੀ ਦੇ ਅੰਦਰ ਕਥਿਤ ਗੈਂਗਵਾਰ ਦੇ ਬਾਅਦ ‘ਐਡਵੋਕੇਟ ਪ੍ਰੋਟੈਕਸ਼ਨ ਐਕਟ’ ਲਿਆਂਦਾ ਜਾਵੇ। ਰੋਹਿਣੀ ਕੋਰਟ ਗੋਲੀਬਾਰੀ ’ਤੇ ਬੋਲਦਿਆਂ ਕੇਸੀ ਮਿੱਤਲ ਨੇ ਕਿਹਾ ਕਿ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਹਨ ਤੇ ਗੈਂਗਸਟਰ ਦਿੱਲੀ ਰੋਹਿਣੀ ਅਦਾਲਤ ਤੱਕ ਪਹੁੰਚੇ ਹਨ, ਸਿਸਟਮ ਉੱਤੇ ਇਸ ਤੋਂ ਵੱਡਾ ਖਤਰਾ ਕੋਈ ਨਹੀਂ ਹੈ। ਇਹ ਬਹੁਤ ਹੀ ਦੁਖਦਾਈ ਘਟਨਾ ਹੈ ਪਰ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਅਦਾਲਤ ਵਿੱਚ ਗੋਲੀ ਚੱਲਦੀ ਹੈ, ਜਿਸ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਜਾਂਦੀ ਹੈ।