ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਦਿੱਲੀ ਦੇ ਖੇੜਾ ਖੁਰਦ ਖੇਤਰ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਹਾਰਡਵੇਅਰ ਦੀ ਦੁਕਾਨ ’ਚ ਦਾਖਲ ਹੋ ਕੇ ਲੁੱਟ ਦੀ ਵਾਰਦਾਰ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਮੁਲਜ਼ਮਾਂ ਨੇ ਆਪਣਾ ਮੂੰਹ ਲੁਕਾਉਣ ਲਈ ਹੈਲਮੇਟ ਤੇ ਮਾਸਕ ਪਾਏ ਹੋਏ ਸਨ। ਇਸ ਦੌਰਾਨ ਉਹ ਪਿਸਤੌਲ ਦਿਖਾ ਕੇ ਸਟੋਰ ’ਚ ਦਾਖਲ ਹੋਏ ਤੇ ਉਨ੍ਹਾਂ ਦੁਕਾਨਦਾਰਾਂ ਵੱਲ ਬੰਦੂਕ ਦਾ ਇਸ਼ਾਰਾ ਕੀਤਾ ਤੇ ਨਕਦੀ ਲੈ ਕੇ ਫਰਾਰ ਹੋ ਗਏ। ਇਸ ਮੌਕੇ ਮੁਲਜ਼ਮਾਂ ਨੇ ਦੁਕਾਨਦਾਰ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ। ਜ਼ਿਕਰਯੋਗ ਹੈ ਕਿ ਵਾਰਦਾਤ ਮਗਰੋਂ ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਲਿਆ। ਫੁਟੇਜ ‘ਚ ਹਥਿਆਰਬੰਦ ਵਿਅਕਤੀਆਂ ਦੇ ਚਿਹਰੇ ਨਹੀਂ ਦਿਖੇ। ਹਾਲਾਂਕਿ ਉਹ ਵੀਡੀਓ ’ਚ ਇੱਕ ਦੂਜੇ ਨਾਲ ਗੱਲ ਕਰਦੇ ਹੋਏ ਦੇਖੇ ਜਾ ਸਕਦੇ ਹਨ। ਲੁਟੇਰਿਆਂ ਨੂੰ ਉਂਗਲਾਂ ਦੇ ਨਿਸ਼ਾਨ ਨਾ ਛੱਡਣ ਲਈ ਦਰਾਜ ਖੋਲ੍ਹਣ ਵੇਲੇ ਟਿਸ਼ੂ ਪੇਪਰਾਂ ਦੀ ਵਰਤੋਂ ਕਰਦਿਆਂ ਵੀ ਦੇਖਿਆ ਗਿਆ। ਦਿੱਲੀ ਪੁਲੀਸ ਨੇ ਇੱਕ ਬਿਆਨ ’ਚ ਕਿਹਾ, ‘ਸੀਸੀਟੀਵੀ ਫੁਟੇਜ ’ਚ ਨਜ਼ਰ ਆਏ ਤਿੰਨ ਮੁਲਜ਼ਮਾਂ ਦੀ ਭਾਲ ਜਾਰੀ ਹੈ। ਡੀਸੀਪੀ ਬਾਹਰੀ ਉੱਤਰੀ ਦਿੱਲੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।