ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਉੱਤਰੀ ਦਿੱਲੀ ਦੇ ਸਦਰ ਬਾਜ਼ਾਰ ਖੇਤਰ ਵਿੱਚ ਇੱਕ 24 ਸਾਲਾ ਵਿਅਕਤੀ ਕੋਲੋਂ ਤਿੰਨ ਵਿਅਕਤੀਆਂ ਨੇ ਬੰਦੂਕ ਦਿਖਾ ਕੇ ਕਥਿਤ ਤੌਰ ’ਤੇ 4 ਲੱਖ ਰੁਪਏ ਲੁੱਟ ਲਏ। ਇਹ ਜਾਣਕਾਰੀ ਦਿੱਲੀ ਪੁਲੀਸ ਨੇ ਦਿੱਤੀ। ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੂੰ ਸ਼ੁੱਕਰਵਾਰ ਤੜਕੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਲੁੱਟ-ਖੋਹ ਕਰਨ ਦੀ ਸੂਚਨਾ ਮਿਲੀ ਸੀ।
ਜਾਣਕਾਰੀ ਦਿੰਦੇ ਹੋਏ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਦਰ ਬਾਜ਼ਾਰ ਨਿਵਾਸੀ ਸਲਮਾਨ ਕੁਰੈਸ਼ੀ, ਜੋ ਬੱਕਰੀਆਂ ਦਾ ਵਪਾਰ ਕਰਦਾ ਹੈ, ਸ਼ੁੱਕਰਵਾਰ ਸਵੇਰੇ ਆਪਣੇ ਦੋਪਹੀਆ ਵਾਹਨ ’ਤੇ ਤਿਕੋਨਾ ਪਾਰਕ ਵਿੱਚ ਸ਼ੇਰਾ ਨੂੰ 4 ਲੱਖ ਰੁਪਏ ਦੀ ਅਦਾਇਗੀ ਕਰਨ ਲਈ ਪਹੁੰਚਿਆ, ਜਿਸ ਨੇ ਜੈਪੁਰ ਤੋਂ ਗਾਜ਼ੀਪੁਰ ਤੱਕ ਬੱਕਰੀਆਂ ਪਹੁੰਚਾਈਆਂ ਸਨ। ਮੋਟਰਸਾਈਕਲ ’ਤੇ ਸਵਾਰ ਤਿੰਨ ਮੁਲਜ਼ਮਾਂ ਨੇ ਉਸ ’ਤੇ ਹਮਲਾ ਕੀਤਾ। ਉਨ੍ਹਾਂ ਵਿਚੋਂ ਇਕ ਨੇ ਪਿਸਤੌਲ ਕੱਢ ਕੇ ਕੁਰੈਸ਼ੀ ਵੱਲ ਇਸ਼ਾਰਾ ਕੀਤਾ, ਜਿਸ ਨੇ ਤੁਰੰਤ ਪੈਸੇ ਸੁੱਟ ਦਿੱਤੇ ਤੇ ਇਕ ਟਰੱਕ ਦੇ ਪਿੱਛੇ ਲੁਕ ਗਿਆ। ਡਿਪਟੀ ਕਮਿਸ਼ਨਰ ਆਫ ਪੁਲੀਸ (ਉੱਤਰੀ) ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਮੁਲਜ਼ਮ ਪੈਸੇ ਲੈ ਕੇ ਫਰਾਰ ਹੋ ਗਏ।
ਜਾਂਚ ਦੌਰਾਨ ਪੁਲੀਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤੇ ਤਿੰਨੇ ਮੁਲਜ਼ਮ ਪੀੜਤ ਦਾ ਪਿੱਛਾ ਕਰਦੇ ਹੋਏ ਦੇਖੇ ਗਏ। ਇਸ ਮਗਰੋਂ ਉਨ੍ਹਾਂ ਦੀ ਪਛਾਣ ਕੀਤੀ ਗਈ ਤਾਂ ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਹਿਚਾਣ ਰਾਜਾ ਕੁਮਾਰ (21 ਵਾਸੀ ਮੋਤੀਆ ਖਾਂ ਸਦਰ ਬਾਜ਼ਾਰ) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।