ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਦਿੱਲੀ-ਐਨਸੀਆਰ ’ਚ ਅੱਜ ਆਏ ਤੇਜ਼ ਮੀਂਹ ਤੋਂ ਬਾਅਦ ਥਾਂ-ਥਾਂ ਪਾਣੀ ਭਰ ਗਿਆ। ਕੌਮੀ ਰਾਜਧਾਨੀ ਖੇਤਰ (ਐਨਸੀਆਰ) ਦੇ ਦਿੱਲੀ ਦੇ ਨੇੜਲੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਟ੍ਰੈਫਿਕ ਜਾਮ ਹੋ ਗਿਆ।
ਕਈਆਂ ਨੇ ਟਵਿੱਟਰ ’ਤੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਦੀ ਸ਼ਿਕਾਇਤ ਕੀਤੀ। ਦਿੱਲੀ ਟ੍ਰੈਫਿਕ ਪੁਲੀਸ ਨੇ ਆਵਾਜਾਈ ਦੀ ਸਹੂਲਤ ਲਈ ਕਈ ਅਪਡੇਟ ਜਾਰੀ ਕੀਤੇ। ਉਨ੍ਹਾਂ ਨੇ ਦੱਸਿਆ ਕਿ ਸ਼ਾਹਜਹਾਂ ਰੋਡ, ਡਬਲਯੂ ਪੁਆਇੰਟ ਆਈਟੀਓ, ਤਿਆਗਰਾਜ ਮਾਰਗ, ਲਾਲਾ ਲਾਜਪਤ ਰਾਏ ਮਾਰਗ, ਮੂਲਚੰਦ ਅੰਡਰਪਾਸ, ਏਮਜ਼, ਰਿੰਗ ਰੋਡ, ਹਯਾਤ ਹੋਟਲ, ਸਾਵਿਤਰੀ ਫਲਾਈਓਵਰ ਦੇ ਦੋਵੇਂ ਪਾਸੇ, ਮਹਾਰਾਣੀ ਬਾਗ਼, ਨਿਜ਼ਾਮੁਦੀਨ ਖੱਟੜਾ, ਧੌਲਾ ਕੁਆਂ ਤੱਕ ਪਾਣੀ ਭਰਨ ਦੀ ਜਾਣਕਾਰੀ ਮਿਲੀ ਹੈ। ਟ੍ਰੈਫਿਕ ਪੁਲੀਸ ਨੇ ਕਿਹਾ ਕਿ 3 ਮੂਰਤੀ ਮਾਰਗ ਤੇ ਆਨੰਦ ਪਰਬਤ ਗਲੀ ਨੰਬਰ-10 ਆਈਓਸੀਐਲ ਦਵਾਰਕਾ ਤੋਂ ਐਨਐਸਜੀ ਦਵਾਰਕਾ ਦਾ ਕੈਰਿਜਵੇਅ ਪਾਣੀ ਭਰਨ ਕਾਰਨ ਬੰਦ ਸੀ।
ਅੰਕੜਿਆਂ ਅਨੁਸਾਰ, ਸਵੇਰੇ ਸਾਢੇ ਅੱਠ ਤੋਂ ਸਾਢੇ ਗਿਆਰਾਂ ਦੇ ਵਿਚਕਾਰ ਤਿੰਨ ਘੰਟਿਆਂ ਵਿੱਚ ਲੋਧੀ ਰੋਡ ਸਟੇਸ਼ਨ ਵਿੱਚ 74 ਮਿਲੀਮੀਟਰ ਤੇ ਸਫਦਰਜੰਗ ਸਟੇਸ਼ਨ ਵਿੱਚ 69 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਸਮੁੱਚੀ ਦਿੱਲੀ ਅਤੇ ਐਨਸੀਆਰ (ਲੋਨੀ, ਹਿੰਡਨ ਏਐਫ ਸਟੇਸ਼ਨ, ਗਾਜ਼ੀਆਬਾਦ, ਇੰਦਰਾਪੁਰਮ, ਛਪਰੌਲਾ, ਨੋਇਡਾ, ਦਾਦਰੀ, ਗ੍ਰੇਟਰ ਨੋਇਡਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਮਾਨੇਸਰ, ਬੱਲਭਗੜ੍ਹ, ਸੋਨੀਪਤ ਤੇ ਮਾਨੇਸਰ) ਵਿੱਚ ਆਈਐਮਡੀ ਦੁਆਰਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਮੌਸਮ ਵਿਭਾਗ ਵੱਲੋਂ 31 ਅਗਸਤ ਤੇ ਪਹਿਲੀ ਸਤੰਬਰ ਨੂੰ ਦੋ ਦਿਨਾਂ ਲਈ ਐਨਸੀਆਰ ਦੇ ਸਾਰੇ ਖੇਤਰਾਂ ਲਈ ਸੰਤਰੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਦਿੱਲੀ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਕੁਝ ਸੂਬਿਆਂ ਵਿੱਚ ਵੱਖ -ਵੱਖ ਥਾਵਾਂ ‘ਤੇ ਗਰਜ਼-ਤੂਫ਼ਾਨ ਤੇ ਬਿਜਲੀ ਦੇ ਨਾਲ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਦਿੱਲੀ ਲਈ ‘ਸੰਤਰੀ ਚਿਤਾਵਨੀ’ ਜਾਰੀ ਕੀਤੀ ਗਈ। ਦਿੱਲੀ ਟ੍ਰੈਫਿਕ ਪੁਲੀਸ ਅਨੁਸਾਰ, ਰਿੰਗ ਰੋਡ ਹਯਾਤ ਹੋਟਲ, ਸਾਵਤਰੀ ਫਲਾਈਓਵਰ ਦੇ ਦੋਵੇਂ ਪਾਸੇ, ਮਹਾਰਾਣੀ ਬਾਗ ਨਿਜ਼ਾਮੁਦੀਨ ਖੱਟਾ ਵਿਖੇ, ਕੈਰੇਜਵੇਅ ਧੌਲਾ ਕੁਆ ਤੋਂ 11 ਮੂਰਤੀ, ਅਨੰਦ ਪਰਬਤ ਗਲੀ ਨੰਬਰ-10, ਐਸਪੀ ਮਾਰਗ ਤੋਂ ਆਰਐਮਐਲ ਵੇਅ, ਪੁਲ ਪ੍ਰਹਿਲਾਦਪੁਰ, ਅੰਡਰਪਾਸ, ਵਿਗਿਆਨ ਭਵਨ ਦੇ ਨਜ਼ਦੀਕ ਮੋਤੀ ਲਾਲ ਨਹਿਰੂ ਮਾਰਗ, ਮੌਲਾਨਾ ਆਜ਼ਾਦ ਰੋਡ ਜਲ-ਥਲ ਹੋ ਗਏ।