ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਦੇ ਉੱਤਮ ਨਗਰ ਈਸਟ ਮੈਟਰੋ ਸਟੇਸ਼ਨ ਨੇੜੇ ਵੀਰਵਾਰ ਨੂੰ ਬਜਰੰਗ ਦਲ ਦੇ ਵਰਕਰਾਂ ਵੱਲੋਂ ਹੰਗਾਮਾ ਕੀਤਾ ਗਿਆ। ਬਾਅਦ ਦੁਪਹਿਰ 2 ਵਜੇ ਦੇ ਕਰੀਬ ਅਚਾਨਕ ਬਜਰੰਗ ਦਲ ਦੇ ਵਰਕਰ ਸੜਕ ’ਤੇ ਆ ਕੇ ਧਰਨੇ ’ਤੇ ਬੈਠ ਗਏ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਸਾਰਿਆਂ ਨੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਉੱਤਮ ਨਗਰ ਥਾਣੇ ਦੇ ਦੋ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਨੇ ਥਾਣੇ ਵਿੱਚ ਉਨ੍ਹਾਂ ਦੇ ਵਰਕਰਾਂ ਦੇ ਥੱਪੜ ਮਾਰੇ ਹਨ। ਉਨ੍ਹਾਂ ਉੱਤਮ ਨਗਰ ਥਾਣੇ ਦੇ ਸਬ-ਇੰਸਪੈਕਟਰ ਤੇ ਹੌਲਦਾਰ ’ਤੇ ਬਜਰੰਗ ਦਲ ਦੇ ਵਰਕਰਾਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਸਨ। ਬਜਰੰਗ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਦਲ ਦੇ ਵਰਕਰ ਲੜਕੀ ਵੱਲੋਂ ਸ਼ਿਕਾਇਤ ਕਰਨ ਲਈ ਉੱਤਮ ਨਗਰ ਥਾਣੇ ਗਏ ਸਨ ਪਰ ਪੁਲੀਸ ਵਾਲਿਆਂ ਨੇ ਬਜਰੰਗ ਦਲ ਦੇ ਵਰਕਰ ਦੇ ਥੱਪੜ ਮਾਰ ਦਿੱਤਾ। ਇਕ ਘੰਟੇ ਬਾਅਦ ਬਜਰੰਗ ਦਲ ਦਿੱਲੀ ਦੇ ਸੂਬਾ ਕਨਵੀਨਰ ਭਰਤ ਬੱਤਰਾ ਮੌਕੇ ’ਤੇ ਪਹੁੰਚੇ ਅਤੇ ਸੜਕ ਵਿਚਾਲੇ ਧਰਨੇ ’ਤੇ ਬੈਠ ਗਏ ਅਤੇ ਸੜਕ ਨੂੰ ਇੱਕ ਘੰਟੇ ਤੱਕ ਜਾਮ ਕਰੀ ਰੱਖਿਆ। ਉਪਰੰਤ ਪੁਲੀਸ ਅਧਿਕਾਰੀਆਂ ਵੱਲੋਂ ਥਾਣਾ ਸਦਰ ਵਿੱਚ ਬਜਰੰਗ ਦਲ ਦੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਬਜਰੰਗ ਦਲ ਦੇ ਵਰਕਰਾਂ ਦੀ ਸ਼ਿਕਾਇਤ ’ਤੇ ਪੁਲੀਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਬਜਰੰਗ ਦਲ ਦੇ ਵਰਕਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ’ਤੇ ਅੜੇ ਰਹੇ।