ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਲੋਕ ਨਿਰਮਾਣ ਮੰਤਰੀ ਸਤਿੰਦਰ ਜੈਨ ਨੇ ਮੰਗਲਵਾਰ ਨੂੰ ਚਿਰਾਗ ਦਿੱਲੀ ਵਿਖੇ ਯੂਰਪੀਅਨ ਲੀਹਾਂ ’ਤੇ ਮੁੜ ਵਿਕਸਤ ਕੀਤੀ ਸੜਕ ਦੇ ਕੁਝ ਹਿੱਸੇ ਦਾ ਦੌਰਾ ਕੀਤਾ। ਇਸ ਦੌਰਾਨ ਪ੍ਰੋਜੈਕਟ ਤੇ ਦਿੱਲੀ ਭਰ ਵਿੱਚ ਸੜਕਾਂ ਨੂੰ ਉਸੇ ਤਰੀਕੇ ਨਾਲ ਮੁੜ ਵਿਕਸਤ ਕਰਨ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਕੇਜਰੀਵਾਲ ਸਰਕਾਰ ਦੀ ਦਿੱਲੀ ਦੇ ਮੁੜ ਵਿਕਾਸ ਤੇ ਸੜਕਾਂ ਨੂੰ ਯੂਰਪੀਅਨ ਸ਼ਹਿਰਾਂ ਵਾਂਗ ਸੁੰਦਰ ਤੇ ਵਿਸ਼ਵ ਪੱਧਰੀ ਬਣਾ ਕੇ ਦਿੱਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਇਆ ਜਾ ਸਕੇ।
ਕੇਜਰੀਵਾਲ ਸਰਕਾਰ ਦਿੱਲੀ ਵਿੱਚ 540 ਕਿਲੋਮੀਟਰ ਸੜਕਾਂ ਦੇ ਪੁਨਰ ਵਿਕਾਸ, ਨਿਰਮਾਣ ਤੇ ਸੁੰਦਰੀਕਰਨ ਦੇ ਪ੍ਰਾਜੈਕਟਾਂ ਨੂੰ ਯੂਰਪੀਅਨ ਮਾਡਲ ਦੇ ਬਰਾਬਰ ਲਿਆਉਣ ਲਈ ਕੰਮ ਕਰ ਰਹੀ ਹੈ। ਸ੍ਰੀ ਜੈਨ ਨੇ ਕਿਹਾ ਕਿ ਦਿੱਲੀ ਵਿੱਚ ਛੇਤੀ ਹੀ ਯੂਰਪੀਅਨ ਮਿਆਰਾਂ ਵਰਗੀਆਂ ਸੁੰਦਰ ਸੜਕਾਂ ਹੋਣਗੀਆਂ। ਸ਼੍ਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਖੂਬਸੂਰਤ ਸੜਕ ਦਿੱਲੀ ਵਿੱਚ ਇੱਕ ਉਦਾਹਰਣ ਦੇ ਰੂਪ ਵਿੱਚ ਕੰਮ ਕਰੇਗੀ। ਜਿਸ ਨੂੰ ਪੂਰੇ ਦਿੱਲੀ ਵਿੱਚ ਦੁਹਰਾਇਆ ਜਾਵੇਗਾ। ਵਿਸ਼ਵ ਪੱਧਰੀ ਸ਼ਹਿਰਾਂ ਦੀ ਪਛਾਣ ਉੱਚ ਗੁਣਵੱਤਾ ਵਾਲੀਆਂ ਸੁੰਦਰ ਸੜਕਾਂ ਹਨ। ਹੁਣ ਲੋਕ ਨਿਰਮਾਣ ਵਿਭਾਗ ਨੂੰ ਇਸ ਨੂੰ ਪੂਰੇ ਸ਼ਹਿਰ ਵਿੱਚ ਲਾਗੂ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਚਿਰਾਗ ਦਿੱਲੀ ਸੜਕ ਦੇ ਇੱਕ ਹਿੱਸੇ ਨੂੰ ਲੋਕ ਨਿਰਮਾਣ ਵਿਭਾਗ ਦੁਆਰਾ ਮੁੜ ਵਿਕਸਤ ਕੀਤਾ ਗਿਆ ਹੈ ਤੇ ਇੱਕ ਸਾਈਕਲ ਟ੍ਰੈਕ ਵੀ ਬਣਾਇਆ ਗਿਆ ਹੈ। ਇਹ ਕੰਮ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਕੀਤਾ ਗਿਆ ਸੀ ਤਾਂ ਜੋ ਇਸ ਮਾਡਲ ਨੂੰ ਸਾਰੀ ਦਿੱਲੀ ਵਿੱਚ ਲਾਗੂ ਕੀਤਾ ਜਾ ਸਕੇ।