ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਦੇ ਕਈ ਹਿੱਸਿਆਂ ਵਿੱਚ ਅੱਜ ਤਾਪਮਾਨ 43 ਡਿਗਰੀ ਸੈਲਸੀਅਸ ਦੇ ਪਾਰ ਪਹੁੰਚ ਗਿਆ। ਤਾਪਮਾਨ ਅਗਲੇ ਤਿੰਨ ਚਾਰ ਦਿਨ ਤੱਕ 40 ਡਿਗਰੀ ਸੈਲਸੀਅਸ ਤੋਂ ਵਧ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਸਫ਼ਦਰਜੰਗ ਵਿੱਚ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਵੱਧ ਸੀ। ਪਾਲਮ ਅਤੇ ਪੂਸਾ ਵਿੱਚ ਵੱਧ ਤੋਂ ਵੱਧ ਤਾਪਮਾਨ 43.2 ਅਤੇ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਹਵਾ ਵਿੱਚ ਨਮੀ ਦੀ ਮਾਤਰਾ 35 ਤੋਂ 73 ਫ਼ੀਸਦੀ ਰਹੀ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮੰਗਲਵਾਰ ਨੂੰ ਅਸਮਾਨ ’ਤੇ ਬੱਦਲ ਛਾਏ ਰਹਿ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦੇ ਨੇੜੇ ਬਣਿਆ ਰਹਿ ਸਕਦਾ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਅਗਲੇ ਤਿੰਨ ਤੇ ਚਾਰ ਦਿਨ ਤੱਕ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਬਣਿਆ ਰਹਿ ਸਕਦਾ ਹੈ। ਇਸ ਤੋਂ ਮਗਰੋਂ ਹਲਕੀ ਬਾਰਿਸ਼ ਹੋਣ ’ਤੇ ਗਰਮੀ ਤੋਂ ਰਾਹਤ ਮਿਲ ਸਕਦਾ ਹੈ। -ਏਜੰਸੀ