ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 8 ਮਈ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਟਿਕਰੀ ਮੋਰਚੇੇ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ 26 ਮਈ ਨੂੰ ਕਿਸਾਨੀ ਸੰਘਰਸ਼ ਦੇ ਛੇ ਮਹੀਨੇ ਪੂਰੇ ਹੋ ਜਾਣਗੇ। ਜੇ ਸਰਕਾਰ ਨੇ ਉਦੋਂ ਤੱਕ ਮੰਗਾਂ ਨਾ ਮੰਨੀਆਂ ਤਾਂ ਮੋਰਚੇ ਵੱਲੋਂ ਅਗਲੀ ਵੱਡੀ ਯੋਜਨਾ ਉਲੀਕੀ ਜਾਵੇਗੀ ਅਤੇ ਵੱਡੇ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਚਾਰਾਂ ਦੀ ਕ੍ਰਾਂਤੀ, ਜੋ ਬੰਦੂਕ ਨਾਲ ਨਹੀਂ ਦਬਾਈ ਜਾ ਸਕਦੀ। ਜੇ ਸਰਕਾਰ ਗੱਲਬਾਤ ਕਰਨਾ ਚਾਹੇਗੀ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਰੂਰ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੋਰਚਾ ਹੋਰ ਵੱਡਾ ਕਰ ਕੇ ਸਰਕਾਰ ’ਤੇ ਦਬਾਅ ਪਾਇਆ ਜਾਵੇਗਾ। ਜਦੋਂ ਤਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਵਧਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪੋ-ਆਪਣੇ ਘਰਾਂ ਤੋਂ ਤੁਰੇ ਸੀ ਤਾਂ ਉਨ੍ਹਾਂ ਨੂੰ ਪਤਾ ਸੀ ਕਿ ਸੰਘਰਸ਼ ਕਾਫੀ ਲੰਮਾ ਹੋਵੇਗਾ। ਤਾਂ ਹੀ ਉਨ੍ਹਾਂ ਦਿੱਲੀ ਦੀਆਂ ਬਰੂਹਾਂ ’ਤੇ ਬੈਠਣ ਤੋਂ ਪਹਿਲਾਂ ਛੇ ਤੋਂ ਵੱਧ ਮਹੀਨਿਆਂ ਲਈ ਰਾਸ਼ਨ ਦਾ ਪ੍ਰਬੰਧ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਇਹ ਮੋਰਚਾ ਲਗਪਗ 22 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇੱਥੇ ਕਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਹੋ ਰਹੀ ਹੈ। ਇਸ ਦੌਰਾਨ ਟਿਕੈਟ ਨੇ ਔਰਤਾਂ ਲਈ ਬਣਾਏ ਮਾਈ ਭਾਗੋ ਹਾਲ ਟੈਂਟ ਅਤੇ ਹੋਰ ਥਾਵਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਅਨੁਸਾਰ 26 ਮਈ ਨੂੰ ਕਿਸਾਨੀ ਸੰਘਰਸ਼ ਸਬੰਧੀ ਵੱਡੇ ਫ਼ੈਸਲੇ ਲਏ ਜਾ ਸਕਦੇ ਹਨ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਅੱਜ ਟਿਕਰੀ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਕੜਾਕੇ ਦੀ ਠੰਢ, ਤਪਦੀਆਂ ਧੁੱਪਾਂ ਅਤੇ ਮੀਂਹ-ਝੱਖੜ ਨੂੰ ਆਪਣੇ ਸਰੀਰਾਂ ’ਤੇ ਹੰਢਾਂਉਦਿਆਂ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ’ਤੇ ਮੋਰਚੇ ਲਾਇਆਂ ਅੱਜ 162 ਦਿਨ ਹੋ ਗਏ ਹਨ। ਐਨੀਆਂ ਸਰਕਾਰੀ ਅਤੇ ਕੁਦਰਤੀ ਰੁਕਾਵਟਾਂ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਪਹਿਲੇ ਦਿਨ ਵਾਂਗ ਹੀ ਬੁਲੰਦ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਰੋਨਾ ਨਾਲ ਨਜਿੱਠਣ ਲਈ ਤਾਲਾਬੰਦੀ ਕਰ ਰਹੀ ਹੈ। ਬਿਮਾਰੀ ਦਾ ਇਹ ਸਾਰਥਕ ਹੱਲ ਨਹੀਂ। ਘਰਾਂ ਅੰਦਰ ਬੰਦ ਕੀਤੇ ਛੋਟੇ ਦੁਕਾਨਦਾਰ, ਮਜ਼ਦੂਰ ਤੇ ਰੇਹੜੀਆਂ-ਫੜ੍ਹੀਆਂ ਵਾਲੇ ਕਰੋਨਾ ਦੀ ਲਾਗ ਲੱਗਣ ਤੋ ਪਹਿਲਾਂ ਹੀ ਭੁੱਖ ਨਾਲ ਮਰ ਜਾਣਗੇ। ਇਸ ਕਰਕੇ ਜਥੇਬੰਦੀ ਪਹਿਲੇ ਦਿਨ ਤੋਂ ਹੀ ਤਾਲਾਬੰਦੀ ਦਾ ਵਿਰੋਧ ਕਰ ਰਹੀ ਹੈ। ਇਸੇ ਤਹਿਤ ਅੱਜ ਉਨ੍ਹਾਂ ਵੱਲੋਂ ਪੰਜਾਬ ਵਿੱਚ ਦੁਕਾਨਾਂ ਖੁੱਲ੍ਹਵਾਈਆਂ ਗਈਆਂ।
ਰੂਪ ਸਿੰਘ ਛੰਨਾ ਨੇ ਕਿਹਾ ਕਿ ਖੇਤੀ ਕਾਨੂੰਨ ਲਾਗੂ ਹੋਣ ਨਾਲ ਕਿਸਾਨਾਂ ਦੀਆ ਜ਼ਮੀਨਾਂ ਖੋਹਣ ਦਾ ਅਮਲ ਤੇਜ਼ ਹੋਵੇਗਾ। ਇਸੇ ਕਰਕੇ ਭਾਰਤ ਦੇ ਬਹੁਤੇ ਸੂਬਿਆਂ ਦੇ ਕਿਸਾਨ ਜ਼ਮੀਨਾਂ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਮੋਗਾ ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਸਰਕਾਰਾਂ ਕਾਰਪੋਰੇਟਾਂ ਦੇ ਇਸ਼ਾਰੇ ’ਤੇ ਚੱਲ ਰਹੀਆਂ ਹਨ। ਸਰਕਾਰ ਨੂੰ ਇਹ ਭਰਮ ਹੈ ਕਿ ਕਿਸਾਨ ਸੰਘਰਸ਼ ਛੱਡ ਕੇ ਚਲੇ ਜਾਣਗੇ। ਉਨ੍ਹਾਂ ਦਾ ਸੰਘਰਸ਼ ਸ਼ਾਂਤਮਈ ਹੈ। ਸੰਘਰਸ਼ ਚੱਲਦਿਆਂ ਨੂੰ ਛੇ ਮਹੀਨੇ ਹੋਣ ’ਤੇ ਆਏ ਹਨ ਅਤੇ ਇਸ ਸਮੇਂ ਦੌਰਾਨ ਕਿਸਾਨਾਂ ਦੇ ਮੋਰਚਿਆਂ ’ਚੋਂ ਇੱਕ ਵੀ ਮਾੜੀ ਖਬਰ ਸੁਣਨ ਵਿੱਚ ਨਹੀਂ ਆਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਚੱਲਦਾ ਰਹੇਗਾ।
ਸੰਯੁਕਤ ਕਿਸਾਨ ਮੋਰਚੇ ਦੀ ਕੌਮੀ ਕਨਵੈਨਸ਼ਨ ਮੁਲਤਵੀ
ਸੰਯੁਕਤ ਕਿਸਾਨ ਮੋਰਚੇ ਦੀ 10 ਮਈ ਨੂੰ ਹੋਣ ਵਾਲੀ ਕੌਮੀ ਕਨਵੈਨਸ਼ਨ ਮੁਲਤਵੀ ਕਰ ਦਿੱਤੀ ਗਈ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੌਮੀ ਪੱਧਰ ’ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਈ ਜਾਣ ਵਾਲੀ ਕਨਵੈਨਸ਼ਨ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੀ ਅਗਲੀ ਤਰੀਕ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 10 ਅਤੇ 12 ਮਈ ਨੂੰ ਪੰਜਾਬ ਦੇ ਕਿਸਾਨ ਪੰਜਾਬ-ਹਰਿਆਣਾ ਦੀਆਂ ਵੱਖ-ਵੱਖ ਹੱਦਾਂ (ਸ਼ੰਭੂ ਤੇ ਖਨੌਰੀ) ’ਤੇ ਇਕੱਤਰ ਹੋਣਗੇ ਅਤੇ ਦਿੱਲੀ ਦੇ ਕਿਸਾਨ ਮੋਰਚਿਆਂ ’ਚ ਪਹੁੰਚਣਗੇ।