ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਜੂਨ
ਦੇਸ਼ ਦੀ ਰਾਜਧਾਨੀ ਦੇ ਰੇਸਤਰਾਂ ਤੇ ਬਾਰਾਂ ਅੱਜ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਦਿੱਤੀਆਂ ਢਿੱਲਾਂ ਮਗਰੋਂ ਖੁੱਲ੍ਹ ਗਏ ਪਰ ਉਨ੍ਹਾਂ ਨੂੰ ਅੱਜੇ ਗਾਹਕਾਂ ਦੀ ਉਡੀਕ ਹੈ।ਸੋਮਵਾਰ ਤੋਂ ਕਈ ਥਾਵਾਂ ਖੁੱਲ੍ਹਣ ਦਾ ਐਲਾਨ ਬੀਤੇ ਦਿਨੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ। ਅੱਜ ਜ਼ਿਆਦਾਤਰ ਰੇਸਤਰਾਂ ਤੇ ਬੀਅਰ ਬਾਰਾਂ ਵਿੱਚ ਪ੍ਰਬੰਧਕ ਸਫ਼ਾਈ ਕਰਦੇ ਨਜ਼ਰ ਆਏ। ਕੁੱਝ ਕੁ ਥਾਵਾਂ ਉਪਰ ਲੋਕ ਰੇਸਤਰਾਂ ਵਿੱਚ ਆਏ ਤੇ ਲੋਕਾਂ ਨੇ ਬੀਅਰ ਬਾਰਾਂ ਵਿੱਚ ਦਸਤਕ ਦਿੱਤੀ। ਦੇਸ਼ ਦੇ ਪਹਿਲੇ ਘੁੰਮਦੇ ਰੇਸਤਰਾਂ ਪ੍ਰੀਕਰਮਾ ਦੇ ਪ੍ਰਬੰਧਕ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਭਲਕ ਤਕ ਰੇਸਤਰਾਂ ਨੂੰ ਖੋਲ੍ਹਣਗੇ ਤੇ ਇਸ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ। ਰੇਸਤਰਾਂ ਮਾਲਕਾਂ ਨੇ ਦੱਸਿਆ ਕਿ ਅਮਲਾ ਵੀ ਘਰੋ-ਘਰੀ ਗਿਆ ਹੋਣ ਕਰਕੇ ਕਰਮਚਾਰੀਆਂ ਦੀ ਤੋਟ ਹੈ ਤੇ ਗਾਹਕ ਵੀ ਕਰੋਨਾ ਦੇ ਡਰੋਂ ਅਜੇ ਜਨਤਕ ਥਾਵਾਂ ਉਪਰ ਆਉਣ ਤੋਂ ਗੁਰੇਜ਼ ਕਰਦੇ ਹਨ।