ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜਨਵਰੀ
ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਵੱਲੋਂ ਕਰੋਨਾ ਮਹਾਮਾਰੀ ਦੇ ਮਾਮਲੇ ਘਟਣ ਮਗਰੋਂ ਰੇਸਤਰਾਂ ਤੇ ਹੋਰ ਖਾਣ ਵਾਲੀਆਂ ਥਾਵਾਂ ਨੂੰ 50 ਫ਼ੀਸਦੀ ਸਮਰੱਥਾ ਨਾਲ ਚਲਾਉਣ ਦੀ ਮਨਜ਼ੂਰੀ ਦੇਣ ਨਾਲ ਹੋਟ ਪ੍ਰਬੰਧਕਾਂ ਦੇ ਚਿਹਰੇ ਮੁੜ ਚਮਕ ਗਏ ਹਨ। ਦਿੱਲੀ ਦੇ ਕਨਾਟ ਪਲੇਸ ਦੇ ਪ੍ਰੀਕਰਮਾ ਰੇਸਤਰਾਂ ਦੇ ਮਾਲਕ ਹਰਮਨਜੀਤ ਸਿੰਘ ਨੇ ਕਿਹਾ ਕਿ ਦੋ ਸਾਲਾਂ ਤੋਂ ਮਹਾਮਾਰੀ ਨੇ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਵਾਰ-ਵਾਰ ਰੇਸਤਰਾਂ ਬੰਦ ਕਰਨਾ ਪਿਆ। ਹੁਣ ਉਮੀਦ ਬਣੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਕਰੋਨਾ ਦਾ ਅਸਰ ਘਟੇਗਾ। ਕੈਟਰਿੰਗ ਸੰਸਥਾਵਾਂ ਦੇ ਕੌਮੀ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਹੁਣ ਡੀਡੀਐੱਮਏ ਵੱਲੋਂ ਵਿਆਹ ਸਮਾਗਮਾਂ ਵਿੱਚ ਢਿੱਲ ਦੇਣ ਨਾਲ ਇਸ ਕਾਰੋਬਾਰ ਨੂੰ ਵੀ ਹੁੰਗਾਰਾ ਮਿਲੇਗਾ ਤੇ ਲੋਕਾਂ ਦੀ ਗਿਣਤੀ ਵੀ ਵਧੇਗੀ।