ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਵੱਖ-ਵੱਖ ਇਤਿਹਾਸਕ ਅਸਥਾਨਾਂ ਅਤੇ ਸਿੰਘ ਸਭਾਵਾਂ ਵਿਚ ਲਗਾਏ ਗਏ ਗੁਰਮਤਿ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਬਾਣੀ ਦੀ ਸਿਖਲਾਈ ਦੇਣ ਵਾਲੇ ਅਧਿਆਪਕਾਂ ਦਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਪ੍ਰਚਾਰਕ ਸਾਹਿਬਾਨਾਂ ਅਤੇ ਅਧਿਆਪਕਾਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਨ੍ਹਾਂ ਨੇ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦਾਨ ਵਿੱਚ ਦਿੱਤੀ ਹੈ।
ਇਨ੍ਹਾਂ ਪ੍ਰਚਾਰਕਾਂ ਅਤੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਪੰਜਾਬੀ ਸਿਖਾਈ ਗਈ। ਸਾਡੇ ਬੱਚੇ ਪੰਜਾਬੀ ਸਿੱਖਣਗੇ ਤਾਂ ਉਹ ਗੁਰਮੁਖੀ ਸਿੱਖਣਗੇ ਤੇ ਇਸ ਦੇ ਨਾਲ ਗੁਰਬਾਣੀ ਪੜ੍ਹਨਾ ਸਿੱਖਣਗੇ, ਗੁਰਬਾਣੀ ਪੜ੍ਹਨਾ ਸਿੱਖਣਗੇ ਤਾਂ ਉਹ ਗੁਰਬਾਣੀ ਦੇ ਅਰਥਾਂ ਨੂੰ ਸਮਝਣਗੇ।
ਉਨ੍ਹਾਂ ਕਿਹਾ ਕਿ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਵੱਲੋਂ ਬਹੁਤ ਵੱਡਾ ਸਾਥ ਮਿਲਿਆ ਜਿਸ ਨਾਲ ਇਨ੍ਹਾਂ ਗੁਰਮਤਿ ਕੈਪਾਂ ਨੂੰ ਸੰਪੰਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ 4 ਜੂਨ ਤੋਂ 25 ਜੂਨ ਤੱਕ ਗੁਰਮਤਿ ਕੈਂਪ ਲਗਾਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਕੈਂਪ ਲਾਏ ਜਾਣਗੇ ਤਾਂ ਕਿ ਬੱਚਿਆਂ ਨੂੰ ਸਿੱਖੀ ਬਾਰੇ ਹੋਰ ਜਾਣਕਾਰੀ ਮਿਲ ਸਕੇ ਤੇ ਉਹ ਸਿੱਖੀ ਪ੍ਰਤੀ ਜਾਗਰੂਕ ਹੋ ਸਕਣ। ਉਨ੍ਹਾਂ ਕਿਹਾ ਕਿ ਇਹ ਗੁਰਮਤਿ ਸਮਾਗਮ ਸਫ਼ਲਤਾ ਨਾਲ ਨੇਪਰੇ ਚੜ੍ਹਾਇਆ ਗਿਆ ਹੈ।