ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਦਸੰਬਰ
ਸ਼ਹੀਦ ਹੋਏ ਸਿੰਘਾਂ ਦੇ ਵਾਰਸਾਂ ਸਮੇਤ ਸਜੇ ਪੰਜ ਪਿਆਰਿਆਂ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਹਰਮਨਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਧਰਮ ਪ੍ਰਚਾਰ ਸਮੇਤ ਕੌਮ ਦੀ ਗੌਰਵਮਈ ਵਿਰਾਸਤ ਨੂੰ ਸੰਭਾਲਣ ਦਾ ਕੰਮ ਵੀ ਦਿੱਲੀ ਕਮੇਟੀ ਦੀ ਜ਼ਿੰਮੇਵਾਰੀ ਹੈ ਪਰ ਇਸ ਵਿਚ ਉਹ ਪੂਰੀ ਤਰ੍ਹਾਂ ਅਸਫਲ ਰਹੇ ਹਨ, ਜਿਸ ਕਾਰਨ ਸਿੰਘ ਸਭਾਵਾਂ ਅੱਗੇ ਆ ਰਹੀਆਂ ਹਨ। ਉਨ੍ਹਾਂ ਵੱਲੋਂ ਕਾਰਜ ਕੀਤੇ ਜਾ ਰਹੇ ਹਨ। ਹਰਮਨਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਤੇਜਿੰਦਰ ਸਿੰਘ ਗੋਆਣਾ ਰਾਹੀਂ ਪਤਾ ਲੱਗਾ ਕਿ ਭਗਵਾਨ ਸਿੰਘ ਨੇ ਗੁਰੂ ਜੀ ਦੇ ਪੰਜ ਪਿਆਰੇ ਅਤੇ ਸ਼ਹੀਦ ਸਿੱਖ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ, ਪ੍ਰੇਰਨਾ ਕੌੜੀ ਜੀ ਆਦਿ ਦੀ ਔਲਾਦ ਅਤੇ ਕਈ ਪਰਿਵਾਰਾਂ ਨੂੰ ਲੱਭ ਲਿਆ ਹੈ। ਉਹ ਤਰਸਯੋਗ ਹਾਲਤ ਵਿੱਚ ਰਹਿ ਰਹੇ ਹਨ, ਇਸ ਲਈ ਤੁਰੰਤ ਆਪਣੀ ਕਮੇਟੀ ਨਾਲ ਵਿਚਾਰ ਕਰਕੇ ਸਾਰੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਉਲੀਕਿਆ, ਜਿਸ ਵਿੱਚ ਪੰਜ ਪਿਆਰੇ ਅਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਨਾਤਨ ਧਰਮ ਦੀ ਮਹਿਲਾ ਵਕੀਲ ਅਨੁਰਾਧਾ ਭਾਰਗਵ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਬ੍ਰਿਗੇਡ ਦਾ ਗਠਨ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਨੂੰ ਘਰ-ਘਰ ਪਹੁੰਚਾਇਆ ਅਤੇ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ, ਜਿਨ੍ਹਾਂ ਨੇ ਕਰੋਨਾ ਦੌਰਾਨ ਹਜ਼ਾਰਾਂ ਮ੍ਰਿਤਕ ਦੇਹਾਂ ਦਾ ਸਸਕਾਰ ਕੀਤਾ ਸੀ, ਨੂੰ ਵੀ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਨੇ ਕਿਹਾ ਕਿ ਸਮੂਹ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਮਾਜ ਦੀ ਗੌਰਵਮਈ ਵਿਰਾਸਤ ਨੂੰ ਸੰਭਾਲਣ ਅਤੇ ਬੱਚਿਆਂ ਨੂੰ ਇਸ ਬਾਰੇ ਜਾਣੂ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਪੁਰਖੇ ਕੌਣ ਸਨ ਅਤੇ ਕਿਉਂ ਅਤੇ ਕਿਸ ਲਈ ਉਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ। ਇਸ ਮੌਕੇ ਕਮੇਟੀ ਦੇ ਸਮੂਹ ਮੈਂਬਰ ਜਥੇਦਾਰ ਐੱਚ.ਐੱਸ ਭਾਟੀਆ, ਹਰਿੰਦਰ ਸਿੰਘ, ਸਤਨਾਮ ਸਿੰਘ ਬਜਾਜ, ਪ੍ਰੀਤ ਪ੍ਰਤਾਪ ਸਿੰਘ, ਐਨ.ਐਸ ਸੱਭਰਵਾਲ, ਐੱਨ.ਐਸ ਭਾਟੀਆ, ਚਰਨਜੀਤ ਸਿੰਘ ਚੰਨੀ ਆਦਿ ਨੇ ਸਹਿਯੋਗ ਦੇ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ।