ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਫਰਵਰੀ
ਇਥੇ ਉੱਤਰੀ ਦਿੱਲੀ ਨਗਰ ਨਿਗਮ ਨੇ ਆਪਣੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਪੜਾਅਵਾਰ ਢੰਗ ਨਾਲ ਦਿਹਾੜੀਦਾਰਾਂ ਦੀਆਂ ਖਾਲੀ ਅਸਾਮੀਆਂ ਲਈ 1998-2003 ਤੱਕ ਲੱਗੇ 6,646 ਬਦਲਵੇਂ ਸਫ਼ਾਈ ਕਰਮਚਾਰੀਆਂ ਨੂੰ ਨਿਯਮਤ ਕਰਨ ਦਾ ਪ੍ਰਸਤਾਵ ਪਾਸ ਕੀਤਾ। ਸਥਾਈ ਕਮੇਟੀ ਦੇ ਪ੍ਰਧਾਨ ਜੋਗੀ ਰਾਮ ਜੈਨ ਨੇ ਦੱਸਿਆ ਕਿ ਇਨ੍ਹਾਂ ਵਰਕਰਾਂ ਨੂੰ ਰੈਗੂਲਰ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਨੂੰ 2006 ਤੋਂ ਲਾਗੂ ਕੀਤਾ ਜਾਵੇਗਾ ਤੇ ਫੰਡਾਂ ਦਾ ਇੰਤਜ਼ਾਮ ਹੋਣ ’ਤੇ ਉਨ੍ਹਾਂ ਦੇ ਬਕਾਏ ਅਦਾ ਕੀਤੇ ਜਾਣਗੇ ਜਦੋਂ ਕਿ ਉਨ੍ਹਾਂ ਨੂੰ ਪੱਕੇ ਕਰਨ ਤੋਂ ਬਾਅਦ ਤਨਖਾਹਾਂ ਨਿਯਮਤ ਅਧਾਰ ’ਤੇ ਜਾਰੀ ਕੀਤੀਆਂ ਜਾਣਗੀਆਂ। ਇਹ ਫੈਸਲਾ ਪ੍ਰਸ਼ਾਸਨਿਕ ਵਿੰਗ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ। ਚੇਅਰਮੈਨ ਨੇ ਕਿਹਾ ਕਿ ਇਸ ਸਮੇਂ ਦਿਹਾੜੀਦਾਰਾਂ ਦੀਆਂ 2,673 ਅਸਾਮੀਆਂ ਬਕਾਇਆ ਹਨ। ਇਸ ਫੈਸਲੇ ਨਾਲ ਨਕਦੀ ਦੀ ਤੰਗੀ ਨਾਲ ਜੂਝ ਰਹੀ ਨਾਗਰਿਕ ਸੰਸਥਾ ‘ਤੇ ਤਨਖਾਹ ਤੇ ਬਕਾਏ ਦਾ ਬੋਝ ਵਧੇਗਾ। ਵਾਤਾਵਰਨ ਪ੍ਰਬੰਧਿਤ ਸੇਵਾਵਾਂ ਵਿਭਾਗ (ਡੀਈਐੱਮਐੱਸ) ਦੁਆਰਾ ਇੱਕ ਮੀਟਿੰਗ ਵਿੱਚ ਮਤਾ ਪੇਸ਼ ਕੀਤਾ ਗਿਆ ਤੇ ਮੌਜੂਦਾ ਅਤੇ ਅਗਲੇ ਵਿੱਤੀ ਸਾਲ ਵਿੱਚ ਵਾਧੂ ਸਟਾਫ ਦੀਆਂ ਤਨਖ਼ਾਹਾਂ ਦਾ ਭੁਗਤਾਨ ਕਰਨ ਲਈ ਇੱਕ ਬਜਟ ਉਪਬੰਧ ਬਣਾਇਆ ਗਿਆ।
ਨਿਗਮ ਕਰਵਾਏਗਾ ਰੇਹੜੀ/ਫੜ੍ਹੀ ਵਾਲਿਆਂ ਦਾ ਸਰਵੇਖਣ
ਦੱਖਣੀ ਦਿੱਲੀ ਨਗਰ ਨਿਗਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇੱਕ ਨੋਡਲ ਕਾਰਪੋਰੇਸ਼ਨ ਹੋਣ ਦੇ ਨਾਤੇ, ਨਾਗਰਿਕ ਸੰਸਥਾ ਨੇ ਪੋਰਟਲ ਤਿਆਰ ਕੀਤਾ ਹੈ ਜੋ ਤਿੰਨੋਂ ਕਾਰਪੋਰੇਸ਼ਨਾਂ-ਦੱਖਣ, ਉੱਤਰੀ ਅਤੇ ਪੂਰਬ ਲਈ ਇਹਨਾਂ ਸਟ੍ਰੀਟ ਵਿਕਰੇਤਾਵਾਂ ਦੀ ਪਛਾਣ ਅਤੇ ਸਰਵੇਖਣ ਨੂੰ ਯਕੀਨੀ ਬਣਾਏਗਾ। ਸਟ੍ਰੀਟ ਵਿਕਰੇਤਾ ਬਿਨਾਂ ਕਿਸੇ ਭੌਤਿਕ ਸਰਵੇਖਣ ਦੇ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਟਾਊਨ ਵੈਂਡਿੰਗ ਕਮੇਟੀ (ਟੀਵੀਸੀ) ਦੇ ਸਰਵੇਖਣ ਵਿੱਚ ਸ਼ਾਮਲ ਕੀਤਾ ਜਾਵੇਗਾ। ਸਪੁਰਦ ਕੀਤੀ ਜਾਣਕਾਰੀ ਦੇ ਆਧਾਰ ’ਤੇ, ਇਹ ਸੂਚੀਬੱਧ ਏਜੰਸੀਆਂ ਇੱਕ ਸਰਵੇਖਣ ਕਰਨਗੀਆਂ ਤੇ ਸਬੰਧਤ ਟੀਵੀਸੀ ਨੂੰ ਇੱਕ ਰਿਪੋਰਟ ਸੌਂਪਣਗੀਆਂ।