ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਮਈ
ਸੀਮਾਪੁਰੀ ਦੇ ਕੋਵਿਡ ਸ਼ਮਸ਼ਾਨਘਾਟ ਵਿੱਚ ਰੋਜ਼ਾਨਾ ਕਈ ਲਾਸ਼ਾਂ ਦੇ ਸਸਕਾਰ ਹੋਣ ਕਰਕੇ ਸਵੇਰੇ ਤੋਂ ਸ਼ਾਮ ਤੱਕ ਸਿਵਿਆਂ ਵਿੱਚੋਂ ਧੂੰਆਂ ਤੇ ਰਾਖ਼ ਉੱਡਦੀ ਰਹਿੰਦੀ ਹੈ। ਕੋਵਿਡ ਦਾ ਨਾਂ ਸੁਣ ਕੇ ਲੋਕ ਉਂਜ ਵੀ ਖੌਫ਼ਜਦਾ ਹੋ ਜਾਂਦੇ ਹਨ। ਧੂੰਆਂ ਵਾਤਾਵਰਨ ਵਿੱਚ ਭਰ ਜਾਣ ਕਰਕੇ ਸਿਵਿਆਂ ਦੇ ਨੇੜੇ ਦੇ ਮਕਾਨਾਂ ਵਿੱਚ ਰਹਿੰਦੇ ਲੋਕਾਂ ਲਈ ਇਹ ਸਮਾਂ ਬਹੁਤ ਔਖਾ ਹੋ ਗਿਆ ਹੈ।
ਸਿਵਿਆਂ ਦੀ ਰਾਖ਼ ਮਕਾਨਾਂ ਦੀਆਂ ਛੱਤਾਂ ਉਪਰ ਆ ਡਿੱਗਦੀ ਹੈ। ਇੱਥੇ 24 ਘੰਟੇ ਸਸਕਾਰ ਕੀਤੇ ਜਾ ਰਹੇ ਹਨ, ਜਿਸ ਕਰ ਕੇ ਇਸ ਇਲਾਕੇ ਵਿੱਚ ਗਰਮੀ ਵੀ ਵੱਧ ਜਾਂਦੀ ਹੈ ਤੇ ਲੋਕਾਂ ਲਈ ਗਰਮੀ ਦੇ ਮੌਸਮ ਵਿੱਚ ਇਹ ਦੋਹਰੀ ਮੁਸੀਬਤ ਹੋ ਗਈ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਇਹ ਸਿਵੇ ਹੁਣ ਆਬਾਦੀ ਦੇ ਨੇੜੇ ਹੋ ਗਏ ਤੇ ਆਲੇ-ਦੁਆਲੇ ਵਸੋਂ ਹੋ ਹੈ, ਇਸ ਲਈ ਸੀਐੱਨਜੀ ਨਾਲ ਇੱਥੇ ਮੁਰਦੇ ਫੂਕੇ ਜਾਣ। ਇੱਕ ਔਰਤ ਨੇ ਕਿਹਾ ਕਿ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਵਿੱਚ ਐਨੇ ਮੁਰਦੇ ਇੱਥੇ ਸਾੜਨੇ ਪੈਣਗੇ। ਚਿਤਾ ਦੀ ਰਾਖ਼ ਹਵਾ ਵਿੱਚ ਘੁਲ਼ ਕੇ ਘਰਾਂ ਦੇ ਅੰਦਰ ਤੇ ਛੱਤਾਂ ਉਪਰ ਪਹੁੰਚ ਜਾਂਦੀ ਹੈ। ਕਈ ਸਥਾਨਕ ਲੋਕਾਂ ਨੇ ਅੱਖਾਂ ਵਿੱਚ ਜਲਣ ਦੀ ਸ਼ਿਕਾਇਤ ਵੀ ਕੀਤੀ ਹੈ। ਇਕ ਹੋਰ ਵਾਸੀ ਨੇ ਦੱਸਿਆ ਕਿ ਇੱਕ ਗਲੀ ਦੇ ਕਈ ਘਰਾਂ ਦੇ ਲੋਕ ਤਾਲੇ ਲਾ ਕੇ ਦਿੱਲੀ ਦੇ ਹੋਰ ਇਲਾਕਿਆਂ ਜਾਂ ਪਿੰਡਾਂ ਨੂੰ ਚਲੇ ਗਏ ਹਨ।