ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜਨਵਰੀ
ਪੁਲੀਸ ਨੇ ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਮੈਡੀਕਲ ਕਾਰਨਾਂ ਨੂੰ ਛੱਡ ਕੇ ਆਪਣੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਦਿੱਲੀ ਪੁਲੀਸ ਨੇ ਇੱਕ ਆਦੇਸ਼ ਜਾਰੀ ਕੀਤਾ ਹੈ, ਜਿਸ ’ਤੇ ਵਿਸ਼ੇਸ਼ ਪੁਲੀਸ ਕਮਿਸ਼ਨਰ (ਐੱਚਆਰ ਡਿਵੀਜ਼ਨ) ਸੁੰਦਰੀ ਨੰਦਾ ਨੇ ਦਸਤਖ਼ਤ ਕੀਤੇ। ਹੁਕਮਾਂ ਦੇ ਅਨੁਸਾਰ, ‘ਗਣਤੰਤਰ ਦਿਵਸ ਪਰੇਡ ਦੇ ਪ੍ਰਬੰਧਾਂ ਦੇ ਮੱਦੇਨਜ਼ਰ ਸਾਰੇ ਰੈਂਕਾਂ ਲਈ ਐਮਰਜੈਂਸੀ ਮੈਡੀਕਲ ਹਾਲਤਾਂ ਨੂੰ ਛੱਡ ਕੇ ਹਰ ਕਿਸਮ ਦੀ ਛੁੱਟੀ ਅਗਲੇ ਨੋਟਿਸ ਤੱਕ ਰੱਦ ਕਰ ਦਿੱਤੀ ਗਈ ਹੈ।’ ਸਾਰੇ ਸੀਨੀਅਰ ਰੈਂਕਾਂ ਨੂੰ ਗਣਤੰਤਰ ਦਿਵਸ ਪਰੇਡ ਡਿਊਟੀਆਂ ਲਈ ਸਟਾਫ ਦੀ ਵੱਧ ਤੋਂ ਵੱਧ ਲਾਮਬੰਦੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਪੁਲੀਸ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਜਸ਼ਨ ਲਈ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਹੈ ਤੇ ਫੋਰਸ ਹਮੇਸ਼ਾ ਚੌਕਸ ਹੈ ਅਤੇ ਖਾਸ ਤੌਰ ’ਤੇ ਕੌਮੀ ਮਹੱਤਵ ਵਾਲੀ ਕਿਸੇ ਵੀ ਘਟਨਾ ਤੋਂ ਪਹਿਲਾਂ ਅਤਿਵਾਦ ਵਿਰੋਧੀ ਉਪਾਅ ਕਰਦੀ ਹੈ। ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦੀ ਜੈਅੰਤੀ ਨੂੰ ਸ਼ਾਮਲ ਕਰਨ ਲਈ ਹੁਣ ਗਣਤੰਤਰ ਦਿਵਸ ਦੇ ਜਸ਼ਨ ਹਰ ਸਾਲ 24 ਜਨਵਰੀ ਦੀ ਬਜਾਏ 23 ਜਨਵਰੀ ਤੋਂ ਸ਼ੁਰੂ ਹੋਣਗੇ। ਪੰਜਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਦੀ ਹਾਲ ਹੀ ਵਿੱਚ ਹੋਈ ਸੁਰੱਖਿਆ ਉਲੰਘਣਾ ਦਾ ਹਵਾਲਾ ਦਿੰਦੇ ਹੋਏ ਦਿੱਲੀ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ ਇਹ ਯਕੀਨੀ ਬਣਾਉਣ ਲਈ ਫੋਰਸ ਵਧੇਰੇ ਚੌਕਸ ਹੈ।
ਐੱਸਡੀਐੱਮ ਵੱਲੋਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਪਿਹੋਵਾ (ਪੱਤਰ ਪ੍ਰੇਰਕ): ਐੱਸਡੀਐੱਮ ਸੋਨੂੰ ਰਾਮ ਨੇ ਬੁੱਧਵਾਰ ਨੂੰ ਆਪਣੇ ਦਫ਼ਤਰ ਵਿੱਚ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ| ਮੀਟਿੰਗ ਵਿੱਚ ਸਮੂਹ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਸਬ-ਡਿਵੀਜ਼ਨ ਪੱਧਰੀ ਗਣਤੰਤਰ ਦਿਵਸ ਸਮਾਗਮ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐੱਸ.ਡੀ.ਐੱਮ ਸੋਨੂੰ ਰਾਮ ਨੇ ਕਿਹਾ ਕਿ ਹਰ ਸਾਲ ਕੌਮੀ ਤਿਉਹਾਰ ਗਣਤੰਤਰ ਦਿਵਸ ਸਮਾਗਮ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਪਰ ਇਸ ਸਾਲ, ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ, ਗਣਤੰਤਰ ਦਿਵਸ ਸਮਾਗਮ ਸੀਮਤ ਤਰੀਕੇ ਨਾਲ ਕਰਵਾਇਆ ਜਾਵੇਗਾ। ਅਨਾਜ ਮੰਡੀ ਪਿਹੋਵਾ ਵਿੱਚ ਗਣਤੰਤਰ ਦਿਵਸ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਗਣਤੰਤਰ ਦਿਵਸ ਸਮਾਗਮਾਂ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਨਹੀਂ ਕਰਵਾਏ ਜਾਣਗੇ, ਸਮਾਗਮ ਵਿੱਚ ਸਿਰਫ਼ ਤਿੰਨ ਟੁਕੜੀਆਂ ਪਰੇਡ ਦੀ ਪੇਸ਼ਕਾਰੀ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਆਜ਼ਾਦੀ ਘੁਲਾਟੀਆਂ ਨੂੰ ਕੋਵਿਡ-19 ਦੀ ਪਾਲਣਾ ਕਰਦਿਆਂ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨਗਰ ਪਾਲਿਕਾ ਨੂੰ ਸਮਾਗਮ ਵਾਲੀ ਥਾਂ ਦੇ ਨਾਲ-ਨਾਲ ਪੂਰੇ ਸ਼ਹਿਰ ਦੀ ਸਫ਼ਾਈ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾਵੇ ਕਿ ਸਮਾਗਮ ਵਾਲੀ ਥਾਂ ’ਤੇ ਭੀੜ ਇਕੱਠੀ ਨਾ ਹੋਵੇ।